AAP Lok Sabha Election Results: ਆਮ ਆਦਮੀ ਪਾਰਟੀ (ਆਪ) ਨੇ ਲੋਕ ਸਭਾ ਚੋਣਾਂ ਪੂਰੇ ਜੋਸ਼ ਨਾਲ ਲੜੀਆਂ। ਪਾਰਟੀ ਨੇ ਉਮੀਦ ਜਤਾਈ ਸੀ ਕਿ ਇਸ ਵਾਰ ਉਹ ਵੱਧ ਤੋਂ ਵੱਧ ਸੀਟਾਂ ਜਿੱਤ ਕੇ ਇੰਡੀਆ ਗੱਠਜੋੜ ਦੀ ਸਰਕਾਰ ਬਣਾਉਣ ਵਿੱਚ ਮਦਦ ਕਰੇਗੀ। ਦੋ ਰਾਜਾਂ ਵਿੱਚ ਸਰਕਾਰ ਚਲਾਉਣ ਵਾਲੀ ਆਮ ਆਦਮੀ ਪਾਰਟੀ ਨੇ ਪੂਰਬ ਤੋਂ ਪੱਛਮ ਤੱਕ ਪੰਜ ਰਾਜਾਂ ਵਿੱਚ ਚੋਣਾਂ ਲੜੀਆਂ। ਦਿੱਲੀ, ਪੰਜਾਬ, ਗੁਜਰਾਤ, ਹਰਿਆਣਾ ਤੋਂ ਇਲਾਵਾ 'ਆਪ' ਨੇ ਆਸਾਮ 'ਚ ਵੀ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ।


ਇੰਡੀਆ ਗੱਠਜੋੜ ਵਿੱਚ ਹੋਣ ਦੇ ਬਾਵਜੂਦ, 'ਆਪ' ਨੇ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸੀ। ਹਾਲਾਂਕਿ, ਦਿੱਲੀ ਵਿੱਚ ਇਸ ਨੇ ਕਾਂਗਰਸ ਨਾਲ ਸੀਟਾਂ ਸਾਂਝੀਆਂ ਕੀਤੀਆਂ ਸੀ। 'ਆਪ' ਦੇ ਉਮੀਦਵਾਰ ਦਿੱਲੀ ਦੀਆਂ ਚਾਰ ਸੀਟਾਂ-ਦੱਖਣੀ ਦਿੱਲੀ, ਪੂਰਬੀ ਦਿੱਲੀ, ਪੱਛਮੀ ਦਿੱਲੀ ਤੇ ਨਵੀਂ ਦਿੱਲੀ ਤੋਂ ਚੋਣ ਮੈਦਾਨ ਵਿੱਚ ਸਨ। ਇਸੇ ਤਰ੍ਹਾਂ ਹਰਿਆਣਾ ਦੀ ਕੁਰੂਕਸ਼ੇਤਰ ਸੀਟ ਤੋਂ ਵੀ ਚੋਣ ਲੜੀ ਸੀ। 'ਆਪ' ਦੇ ਉਮੀਦਵਾਰ ਗੁਜਰਾਤ ਦੇ ਭਾਵਨਗਰ ਤੇ ਭਰੂਚ ਤੇ ਅਸਾਮ ਦੇ ਡਿਬਰੂਗੜ੍ਹ ਤੇ ਸੋਨਿਤਪੁਰ ਤੋਂ ਵੀ ਚੋਣ ਲੜੇ ਸਨ।


ਹਾਲਾਂਕਿ ਹੁਣ ਸਵਾਲ ਇਹ ਉੱਠਦਾ ਹੈ ਕਿ ਦੇਸ਼ ਦੀਆਂ 22 ਲੋਕ ਸਭਾ ਸੀਟਾਂ 'ਤੇ ਚੋਣ ਲੜ ਰਹੀ ਆਮ ਆਦਮੀ ਪਾਰਟੀ ਦੀ ਚੋਣ ਸਥਿਤੀ ਕੀ ਰਹੀ ਹੈ। ਇਸ ਨੇ ਕਿੰਨੀਆਂ ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ ਤੇ ਕਿੰਨੀਆਂ 'ਤੇ ਹਾਰੀ? ਆਓ ਇਸ ਨੂੰ ਵਿਸਥਾਰ ਨਾਲ ਸਮਝੀਏ।


ਪੰਜਾਬ 'ਚ ਮਿਲੀਆਂ ਸਿਰਫ 3 ਸੀਟਾਂ?
ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। 'ਆਪ' ਨੂੰ ਉਮੀਦ ਸੀ ਕਿ ਸੂਬੇ 'ਚ ਉਨ੍ਹਾਂ ਦੀ ਸਰਕਾਰ ਹੈ ਤੇ ਉਹ ਸੂਬੇ ਦੀਆਂ 13 ਸੀਟਾਂ 'ਚੋਂ ਘੱਟੋ-ਘੱਟ 10 ਸੀਟਾਂ 'ਤੇ ਜਿੱਤ ਹਾਸਲ ਕਰੇਗੀ। ਹਾਲਾਂਕਿ, ਨਤੀਜਿਆਂ ਵਿੱਚ ਅਜਿਹਾ ਨਹੀਂ ਹੋਇਆ। ਹੁਸ਼ਿਆਰਪੁਰ, ਆਨੰਦਪੁਰ ਸਾਹਿਬ ਤੇ ਸੰਗਰੂਰ ਨੂੰ ਛੱਡ ਕੇ ਬਾਕੀ ਸਾਰੀਆਂ 10 ਸੀਟਾਂ 'ਤੇ 'ਆਪ' ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।


ਦਿੱਲੀ ਵਿੱਚ ਵੀ ਹਾਲਾਤ ਖ਼ਰਾਬ?
'ਆਪ' ਨੇ ਦਿੱਲੀ 'ਚ ਕਾਂਗਰਸ ਨਾਲ ਗਠਜੋੜ ਕੀਤਾ ਸੀ। ਇਸ ਤਹਿਤ ਇਸ ਨੇ ਦੱਖਣੀ ਦਿੱਲੀ, ਪੂਰਬੀ ਦਿੱਲੀ, ਪੱਛਮੀ ਦਿੱਲੀ ਤੇ ਨਵੀਂ ਦਿੱਲੀ ਦੀਆਂ ਚਾਰ ਸੀਟਾਂ ਉਪਰ ਚੋਣ ਲੜੀ। ਹਾਲਾਂਕਿ ਉਨ੍ਹਾਂ ਨੂੰ ਚਾਰੋਂ ਸੀਟਾਂ 'ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਇੱਥੇ ਹੈਰਾਨੀ ਦੀ ਗੱਲ ਇਹ ਹੈ ਕਿ 2014 ਤੇ 2019 ਵਿੱਚ ਵੀ ਆਮ ਆਦਮੀ ਪਾਰਟੀ ਇੱਕ ਵੀ ਸੀਟ ਨਹੀਂ ਜਿੱਤ ਸਕੀ। ਦੋਵੇਂ ਵਾਰ ਭਾਜਪਾ ਨੇ ਇੱਥੇ ਕਲੀਨ ਸਵੀਪ ਕੀਤਾ ਸੀ।


ਹਰਿਆਣਾ, ਗੁਜਰਾਤ ਤੇ ਅਸਾਮ ਵਿੱਚ ਵੀ ਖਾਤਾ ਨਹੀਂ ਖੁਲ੍ਹਿਆ 
ਆਮ ਆਦਮੀ ਪਾਰਟੀ ਹਰਿਆਣਾ ਦੀ ਕੁਰੂਕਸ਼ੇਤਰ ਸੀਟ ਵੀ ਨਹੀਂ ਜਿੱਤ ਸਕੀ। ਉਹ ਇਸ ਰਾਜ ਦੀ ਕੁਰੂਕਸ਼ੇਤਰ ਸੀਟ 'ਤੇ ਦੂਜੇ ਨੰਬਰ 'ਤੇ ਰਹੀ। ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਸੁਸ਼ੀਲ ਗੁਪਤਾ ਨੂੰ ਭਾਜਪਾ ਦੇ ਨਵੀਨ ਜਿੰਦਲ ਹੱਥੋਂ 29 ਹਜ਼ਾਰ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।


'ਆਪ' ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਹੀ ਗੁਜਰਾਤ 'ਚ ਪਕੜ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਉਸ ਨੇ ਭਾਵਨਗਰ ਤੇ ਭਰੂਚ ਸੀਟਾਂ 'ਤੇ ਇਕੱਲੇ ਹੀ ਚੋਣ ਲੜੀ ਸੀ ਪਰ ਇਨ੍ਹਾਂ ਦੋਵਾਂ ਸੀਟਾਂ 'ਤੇ ਹਾਰ ਮਿਲੀ। ਇਨ੍ਹਾਂ ਦੋਵਾਂ ਸੀਟਾਂ 'ਤੇ ਭਾਜਪਾ ਦੇ ਉਮੀਦਵਾਰ ਜੇਤੂ ਰਹੇ।


ਅਜਿਹਾ ਹੀ ਹਾਲ ਡਿਬਰੂਗੜ੍ਹ ਤੇ ਸੋਨਿਤਪੁਰ ਸੀਟਾਂ 'ਤੇ ਹੋਇਆ, ਜਿੱਥੇ ਆਮ ਆਦਮੀ ਪਾਰਟੀ ਨਹੀਂ ਜਿੱਤ ਨਹੀਂ ਸਕੀ। ਡਿਬਰੂਗੜ੍ਹ ਸੀਟ ਤੋਂ ਭਾਜਪਾ ਉਮੀਦਵਾਰ ਸਰਬਾਨੰਦ ਸੋਨੋਵਾਲ ਨੇ ਜਿੱਤ ਦਰਜ ਕੀਤੀ ਹੈ। ਆਮ ਆਦਮੀ ਪਾਰਟੀ ਇੱਥੇ ਤੀਜੇ ਨੰਬਰ 'ਤੇ ਰਹੇ। ਸੋਨਿਤਪੁਰ ਸੀਟ 'ਤੇ ਵੀ 'ਆਪ' ਤੀਜੇ ਸਥਾਨ 'ਤੇ ਰਹੀ।