Atiq Ahmad Shot Dead: ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਸ਼ਨੀਵਾਰ (15 ਅਪ੍ਰੈਲ) ਨੂੰ ਮਾਫੀਆ ਅਤੀਕ ਅਹਿਮਦ ਤੇ ਉਸ ਦੇ ਭਰਾ ਖਾਲਿਮ ਅਜ਼ੀਮ ਉਰਫ ਅਸ਼ਰਫ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਤਿੰਨ ਹਮਲਾਵਰਾਂ ਨੇ ਪੁਲਿਸ ਹਿਰਾਸਤ 'ਚ ਹੀ ਦੋਵਾਂ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ 'ਚ ਉਨ੍ਹਾਂ ਦੀ ਮੌਤ ਹੋ ਗਈ। ਬਦਮਾਸ਼ਾਂ ਨੇ ਉਸ ਵੇਲੇ ਘਟਨਾ ਨੂੰ ਅੰਜਾਮ ਦਿੱਤਾ ਜਦੋਂ ਅਤੀਕ ਤੇ ਅਸ਼ਰਫ ਨੂੰ ਰੂਟੀਨ ਮੈਡੀਕਲ ਚੈਕਅੱਪ ਲਈ ਲਿਜਾਇਆ ਜਾ ਰਿਹਾ ਸੀ। ਦੋਹਰੇ ਕਤਲ ਦੀ ਇਹ ਪੂਰੀ ਘਟਨਾ ਮੀਡੀਆ ਦੇ ਕੈਮਰਿਆਂ ਦੇ ਸਾਹਮਣੇ ਹੋਈ।
ਦੱਸ ਦਈਏ ਕਿ ਅਤੀਕ ਅਹਿਮਦ ਦੇ ਬੇਟੇ ਅਸਦ ਅਹਿਮਦ ਨੂੰ ਸ਼ਨੀਵਾਰ ਹੀ ਦਫਨਾਇਆ ਗਿਆ, ਜਿਸ 'ਚ ਅਤੀਕ ਅਹਿਮਦ ਸ਼ਾਮਲ ਨਹੀਂ ਹੋ ਸਕਿਆ। ਉਮੇਸ਼ ਪਾਲ ਕਤਲ ਕੇਸ ਵਿੱਚ ਅਸਦ ਤੇ ਉਸ ਦਾ ਇੱਕ ਸਾਥੀ ਗੁਲਾਮ ਮੁਹੰਮਦ 13 ਅਪ੍ਰੈਲ ਨੂੰ ਝਾਂਸੀ ਵਿੱਚ ਪੁਲਿਸ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ ਸੀ। ਇਸ ਘਟਨਾ ਨੂੰ ਤਿੰਨ ਦਿਨ ਵੀ ਨਹੀਂ ਹੋਏ ਸਨ ਕਿ ਅਤੀਕ ਤੇ ਉਸ ਦੇ ਭਰਾ ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਆਓ ਜਾਣਦੇ ਹਾਂ ਪੂਰਾ ਹੱਤਿਆ ਕਾਂਡ ਕਿਵੇਂ ਹੋਇਆ।
ਸ਼ਨੀਵਾਰ ਰਾਤ ਕਰੀਬ 10 ਵਜੇ ਦਾ ਸਮਾਂ ਸੀ। ਖਬਰ ਆਈ ਕਿ ਅਤੀਕ ਤੇ ਅਸ਼ਰਫ ਨੂੰ ਰੂਟੀਨ ਚੈਕਅੱਪ ਲਈ ਪ੍ਰਯਾਗਰਾਜ ਦੇ ਕੋਲਵਿਨ ਹਸਪਤਾਲ ਲਿਆਂਦਾ ਜਾ ਰਿਹਾ ਹੈ। ਪੁਲਿਸ ਉਮੇਸ਼ ਪਾਲ ਕਤਲ ਕੇਸ ਵਿੱਚ ਅਤੀਕ ਤੇ ਅਸ਼ਰਫ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਕਾਰਨ ਦੋਵਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ। ਸ਼ਨੀਵਾਰ ਨੂੰ ਜਿਵੇਂ ਹੀ ਅਤੀਕ ਦੇ ਹਸਪਤਾਲ ਪਹੁੰਚਣ ਦੀ ਖਬਰ ਮਿਲੀ ਤਾਂ ਉੱਥੇ ਮੀਡੀਆ ਵਾਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਇੱਕ ਕਾਰਨ ਇਹ ਵੀ ਸੀ, ਬੇਟੇ ਨੂੰ ਸੁਪਰਦ-ਏ-ਖਾਕ ਕੀਤੇ ਜਾਣ ਤੋਂ ਬਾਅਦ ਅਤੀਕ ਪਹਿਲੀ ਵਾਰ ਮੀਡੀਆ ਸਾਹਮਣੇ ਆ ਰਿਹਾ ਸੀ।
ਇਸ ਤੋਂ ਕੁਝ ਸਮੇਂ ਬਾਅਦ ਅਤੀਕ ਤੇ ਅਸ਼ਰਫ਼ ਨੂੰ ਨੀਲੀ ਰੰਗ ਦੀ ਪੁਲਿਸ ਜੀਪ ਵਿੱਚ ਲਿਆਂਦਾ ਗਿਆ। ਪਹਿਲਾਂ ਅਸ਼ਰਫ ਜੀਪ ਤੋਂ ਹੇਠਾਂ ਉਤਰਿਆ, ਫਿਰ ਅਤੀਕ ਨੂੰ ਸਹਾਰਾ ਦੇ ਕੇ ਹੇਠਾਂ ਉਤਾਰਿਆ ਗਿਆ। ਇਸ ਦੌਰਾਨ ਦੋਹਾਂ ਦੇ ਹੱਥਾਂ 'ਚ ਪੁਲਿਸ ਨੇ ਹੱਥਕੜੀਆਂ ਲਾਈਆਂ ਹੋਈਆਂ ਸਨ, ਜਿਸ ਕਾਰਨ ਉਹ ਇੱਕ-ਦੂਜੇ ਨਾਲ ਬੰਨ੍ਹੇ ਹੋਏ ਸਨ।
ਜੀਪ 'ਚੋਂ ਉਤਰਨ ਤੋਂ ਬਾਅਦ ਜਿਵੇਂ ਹੀ ਪੁਲਿਸ ਦੋਵਾਂ ਨੂੰ ਲੈ ਕੇ ਅੱਗੇ ਵਧੀ ਤਾਂ ਮੀਡੀਆ ਨੇ ਅਸਦ ਤੋਂ ਸਵਾਲ ਪੁੱਛੇ। ਸਵਾਲ ਬੇਟੇ ਅਸਦ ਦੇ ਐਨਕਾਊਂਟਰ ਤੇ ਉਸ ਦੇ ਅੰਤਿਮ ਸੰਸਕਾਰ ਬਾਰੇ ਸਨ। ਇਸ ਦੌਰਾਨ ਅਸ਼ਰਫ ਨੇ ਕੁਝ ਜਵਾਬ ਦੇਣ ਦੀ ਕੋਸ਼ਿਸ਼ ਕੀਤੀ। ਅਸ਼ਰਫ ਦੇ ਮੂੰਹੋਂ ਜੋ ਨਿਕਲਿਆ - ਮੁੱਖ ਗੱਲ ਇਹ ਹੈ ਕਿ ਗੁੱਡੂ ਮੁਸਲਮਾਨ ਹੈ.. ਫਿਰ ਅਚਾਨਕ ਫਾਇਰਿੰਗ ਦੀ ਆਵਾਜ਼ ਆਈ ਤੇ ਅਤੀਕ ਹੇਠਾਂ ਡਿੱਗ ਗਿਆ।
ਜਿਵੇਂ ਹੀ ਅਤੀਕ ਨੂੰ ਗੋਲੀ ਲੱਗੀ, ਅਸ਼ਰਫ ਨੇ ਪਿੱਛੇ ਮੁੜ ਕੇ ਦੇਖਿਆ, ਤਾਂ ਉਸ ਨੂੰ ਵੀ ਗੋਲੀ ਲੱਗ ਗਈ ਤੇ ਉਹ ਵੀ ਹੇਠਾਂ ਡਿੱਗ ਪਿਆ। ਇਸ ਤੋਂ ਬਾਅਦ ਇੰਨੀ ਤੇਜ਼ੀ ਨਾਲ ਗੋਲੀਆਂ ਚੱਲਣ ਲੱਗੀਆਂ, ਜਿਵੇਂ ਪਟਾਕੇ ਚੱਲ ਰਹੇ ਹੋਣ। ਜਦੋਂ ਇਹ ਸਾਰੀ ਘਟਨਾ ਵਾਪਰ ਰਹੀ ਸੀ, ਉਸ ਸਮੇਂ ਮੀਡੀਆ ਦੇ ਕੈਮਰੇ ਪੂਰੀ ਤਰ੍ਹਾਂ ਆਨ ਸਨ।
ਕੈਮਰਿਆਂ ਵਿੱਚ ਕੈਦ ਫੁਟੇਜ਼ ਮੁਤਾਬਕ ਪੁਲਿਸ ਕਰਮਚਾਰੀ ਅਤੀਕ ਤੇ ਅਸ਼ਰਫ਼ ਦੇ ਦੋਵੇਂ ਪਾਸੇ ਪੈਦਲ ਜਾ ਰਹੇ ਸਨ, ਜਦੋਂ ਇੱਕ ਗੋਲੀ ਨੇੜਿਓਂ ਅਤੀਕ ਦੇ ਸਿਰ ਵਿੱਚ ਲੱਗੀ। ਅਤੀਕ ਡਿੱਗਦਾ ਹੈ ਤੇ ਫਿਰ ਅਸ਼ਰਫ਼ ਵੀ ਜ਼ਮੀਨ 'ਤੇ ਡਿੱਗ ਪੈਂਦਾ ਹੈ। ਇਹ ਸਭ ਕੁਝ 2 ਜਾਂ 3 ਸਕਿੰਟਾਂ ਵਿੱਚ ਹੀ ਵਾਪਰਿਆ। ਇਸ ਦੌਰਾਨ ਦੋਵਾਂ ਦੇ ਨਾਲ ਆਏ ਪੁਲਿਸ ਮੁਲਾਜ਼ਮ ਵੀ ਘਬਰਾ ਕੇ ਭੱਜ ਗਏ। ਤਿੰਨ ਹਮਲਾਵਰ ਉਸ 'ਤੇ ਤਿੰਨ ਪਾਸਿਓਂ ਗੋਲੀਬਾਰੀ ਕਰ ਰਹੇ ਸਨ। ਪਹਿਲੀ ਗੋਲੀ ਤੋਂ ਲੈ ਕੇ ਆਖਰੀ ਗੋਲੀਬਾਰੀ ਤੱਕ ਇਹ ਸਾਰੀ ਘਟਨਾ ਕਰੀਬ 10 ਸਕਿੰਟਾਂ ਵਿੱਚ ਵਾਪਰੀ।
ਇਸ ਮਗਰੋਂ ਅਤੀਕ ਤੇ ਅਸ਼ਰਫ 'ਤੇ ਤੇਜ਼ ਫਾਇਰਿੰਗ ਅਚਾਨਕ ਬੰਦ ਹੋ ਗਈ ਤੇ ਹਮਲਾਵਰਾਂ ਨੇ ਆਤਮ ਸਮਰਪਣ, ਆਤਮ ਸਮਰਪਣ ਦਾ ਰੌਣਾ ਪਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੇ ਹਥਿਆਰ ਜ਼ਮੀਨ 'ਤੇ ਸੁੱਟ ਦਿੱਤੇ। ਇਸ ਤੋਂ ਬਾਅਦ ਪੁਲਿਸ ਸਰਗਰਮ ਹੋਈ ਤੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇੱਕ ਹਮਲਾਵਰ ਜ਼ਮੀਨ 'ਤੇ ਡਿੱਗ ਪਿਆ ਸੀ। ਪੁਲਿਸ ਨੇ ਉਸ ਨੂੰ ਉਵੇਂ ਹੀ ਫੜ ਲਿਆ। ਤਿੰਨੇ ਹਮਲਾਵਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਇਹ ਵੀ ਪੜ੍ਹੋ: Ludhiana News: ਪੁਲਿਸ ਵੱਲੋਂ ਸਾਈਬਰ ਕਰਾਈਮ ਨੂੰ ਨੱਥ ਪਾਉਣ ਲਈ ਵੱਡਾ ਕਦਮ, ਮੁਹਾਲੀ ਤੋਂ ਬਾਅਦ ਹੁਣ ਲੁਧਿਆਣਾ 'ਚ ਹੋਏਗੀ ਐਕਸ਼ਨ