Ludhiana News: ਪੰਜਾਬ ਪੁਲਿਸ ਨੇ ਸਾਈਬਰ ਕਰਾਈਮ ਨੂੰ ਨੱਥ ਪਾਉਣ ਲਈ ਵੱਡਾ ਕਦਮ ਚੁੱਕਿਆ ਹੈ। ਸੂਬੇ ਵਿੱਚ ਵਧਦੇ ਸਾਈਬਰ ਕਰਾਈਮ ਦੇ ਕੇਸਾਂ ਨੂੰ ਵੇਖਦਿਆਂ ਪੁਲਿਸ ਨੇ ਲੁਧਿਆਣਾ ਵਿੱਚ ਡਿਜੀਟਲ ਫੋਰੈਂਸਿਕ ਲੈਬ ਸ਼ੁਰੂ ਕੀਤੀ ਹੈ। ਪਹਿਲਾਂ ਸਿਰਫ ਮੁਹਾਲੀ ਵਿੱਚ ਹੀ ਡਿਜੀਟਲ ਫੋਰੈਂਸਿਕ ਲੈਬ ਸੀ ਜਿਸ ਕਰਕੇ ਪੂਰੇ ਪੰਜਾਬ ਦਾ ਕੰਮ ਉੱਥੇ ਹੀ ਹੁੰਦਾ ਸੀ। ਇਸ ਨਾਲ ਕੰਮ ਵਿੱਚ ਅਕਸਰ ਦੇਰੀ ਹੋ ਜਾਂਦੀ ਸੀ।
ਦੱਸ ਦਈਏ ਕਿ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸ਼ਨੀਵਾਰ ਨੂੰ ਥਾਣਾ ਸਰਾਭਾ ਨਗਰ ’ਚ ਡਿਜੀਟਲ ਫੋਰੈਂਸਿਕ ਲੈਬ ਰੇਂਜ ਲੇਵਲ ਲੁਧਿਆਣਾ ਦਾ ਉਦਘਾਟਨ ਕੀਤਾ। ਇਸ ਨਾਲ ਪੁਲਿਸ ਦੇ ਕੰਮਕਾਜ ਨੂੰ ਹੋਰ ਸੌਖਾ ਕੀਤਾ ਜਾ ਸਕੇਗਾ। ਮੁਹਾਲੀ ਦੇ ਨਾਲ-ਨਾਲ ਪੁਲਿਸ ਹੁਣ ਲੁਧਿਆਣਾ ’ਚ ਵੀ ਇਲੈਕਟ੍ਰੋਨਿਕਸ ਡਿਵਾਈਸ ਚੈੱਕ ਕਰ ਸਕੇਗੀ ਤੇ ਮੁਲਜ਼ਮਾਂ ’ਤੇ ਲਗਾਮ ਕੱਸ ਸਕੇਗੀ।
ਹਾਸਲ ਜਾਣਕਾਰੀ ਮੁਤਾਬਕ ਇਸ ਫੋਰੈਂਸਿਕ ਲੈਬ ਨਾਲ ਕਮਿਸ਼ਨਰੇਟ ਪੁਲਿਸ ਦੇ ਨਾਲ ਲੁਧਿਆਣਾ, ਜਗਰਾਉਂ, ਖੰਨਾ ਤੇ ਸ਼ਹੀਦ ਭਗਤ ਸਿੰਘ ਨਗਰ ਦੀ ਪੁਲਿਸ ਵੀ ਫੋਰੈਂਸਿਕ ਸੇਵਾ ਲੈ ਸਕੇਗੀ। ਇਸ ਤੋਂ ਪਹਿਲਾਂ ਪੂਰੇ ਪੰਜਾਬ ਦੀ ਪੁਲਿਸ ਨੂੰ ਮੁਹਾਲੀ ਵਿੱਚ ਬਣੀ ਲੈਬ ਵਿਖੇ ਜਾਣਾ ਪੈਂਦਾ ਸੀ। ਉੱਥੇ ਕੰਮ ਦਾ ਲੋਡ ਜ਼ਿਆਦਾ ਹੋਣ ਕਰਕੇ ਪੁਲਿਸ ਨੂੰ ਰਿਪੋਰਟਾਂ ਮਿਲਣ ’ਚ ਦੇਰੀ ਹੋ ਜਾਂਦੀ ਸੀ ਤੇ ਅਪਰਾਧ ’ਤੇ ਕਾਬੂ ਪਾਉਣ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਡਿਜ਼ੀਟਲ ਫੋਰੈਸਿਕ ਲੈਬ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਕਈ ਅਜਿਹੇ ਮਾਮਲੇ ਹੁੰਦੇ ਹਨ ਕਿ, ਜਿਸ ਦੀ ਜਾਂਚ ਪੁਲੀਸ ਲਈ ਕਾਫ਼ੀ ਜ਼ਰੂਰੀ ਹੁੰਦੀ ਹੈ, ਜਿਸ ਲਈ ਪੁਲਿਸ ਨੂੰ ਕਈ ਤਕਨੀਕਾਂ ਨਾਲ ਜਾਂਚ ਕਰਨੀ ਪੈਂਦੀ ਹੈ, ਪਰ ਫੋਰੈਸਿਕ ਸਿਸਟਮ ਮੁਹਾਲੀ ’ਚ ਸੀ ਤਾਂ ਪੁਲਿਸ ਨੂੰ ਦੇਰ ਹੋ ਜਾਂਦੀ ਸੀ।
ਇਹ ਵੀ ਪੜ੍ਹੋ: Ludhiana News: ਔਰਤਾਂ ਵੀ ਮਾਰਨ ਲੱਗੀਆਂ ਡਾਕੇ! ਲੁਧਿਆਣਾ ਦੇ ਕਾਰੋਬਾਰੀ ਮਨਜੀਤ ਸਿੰਘ ਦੇ ਕਤਲ ਕਾਂਡ 'ਚ 'ਲੇਡੀ ਡਕੈਤ' ਗ੍ਰਿਫਤਾਰ
ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਵੱਲੋਂ ਪੰਜਾਬ ’ਚ ਵੱਧ ਰਹੇ ਜੁਰਮ ਨੂੰ ਕੰਟਰੋਲ ਕਰਨ ਲਈ ਲੁਧਿਆਣਾ ਨੂੰ ਚੁਣਿਆ ਗਿਆ ਤੇ ਫੋਰੈਸਿਕ ਲੈਬ ਸ਼ੁਰੂ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਲੈਬ ਤਿਆਰ ਕਰ ਦਿੱਤੀ ਗਈ ਹੈ। ਹੁਣ ਲੈਬ ’ਚ ਮੋਬਾਈਲ ਵੈਨ, ਸਿਮ ਕਾਰਡ, ਮਾਈਕ੍ਰੋ ਐਸਡੀ ਕਾਰਡ, ਆਈ ਪੈਡ ਟੈਬਲੈਟ ਤੇ ਇਲੈਕਟ੍ਰੋਨਿਕਸ ਡਿਵਾਈਸ ’ਚੋਂ ਡਾਟਾ ਕੱਢਣ ਸਬੰਧੀ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲਾਇਆ ਜਾ ਸਕੇਗਾ।
ਇਹ ਵੀ ਪੜ੍ਹੋ: CAPF Recruitment Exam: ਪੰਜਾਬੀਆਂ ਲਈ ਖੁਸ਼ਖਬਰੀ! ਹੁਣ ਸੀਏਪੀਐਫ 'ਚ ਭਰਤੀ ਲਈ ਦੇ ਸਕਣਗੇ ਪੰਜਾਬੀ 'ਚ ਪ੍ਰੀਖਿਆ