Ludhiana News: ਲੁਧਿਆਣਾ ਦੇ ਮਨੀ ਐਕਸਚੇਂਜਰ ਤੇ ਕਾਰੋਬਾਰੀ ਮਨਜੀਤ ਸਿੰਘ ਦੇ ਕਤਲ ਕੇਸ ਵਿੱਚ ਵੱਡਾ ਖੁਲਾਸਾ ਹੈ। ਇਸ ਕਤਲ ਵਿੱਚ ਇੱਕ ਔਰਤ ਵੀ ਸ਼ਾਮਲ ਸੀ ਜੋ ਮੁਲਜ਼ਮਾਂ ਨੂੰ ਕਾਰ ਵਿੱਚ ਲੈ ਕੇ ਫਰਾਰ ਹੋਈ ਸੀ। ਪੁਲਿਸ ਨੇ ਸਿੱਧਵਾਂ ਬੇਟ ਵਾਸੀ ਕੁਲਦੀਪ ਕੌਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਉਸ ਨਾਲ ਤਿੰਨ ਹੋਰ ਸਨ ਜਿਨ੍ਹਾਂ ਵਿੱਚੋਂ ਦੋ ਜਣਿਆਂ ਨੂੰ ਕਾਬੂ ਕਰ ਲਿਆ ਗਿਆ ਹੈ।
ਹਾਸਲ ਜਾਣਕਾਰੀ ਮੁਤਾਬਕ ਮਨਜੀਤ ਸਿੰਘ ਦੇ ਕਤਲ ਕੇਸ ਵਿੱਚ ਲੁਧਿਆਣਾ ਪੁਲਿਸ ਨੇ ਔਰਤ ਸਮੇਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂਕਿ ਇੱਕ ਹੋਰ ਫ਼ਰਾਰ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਦੋ ਜਣਿਆਂ ਨੇ ਕਾਰੋਬਾਰੀ ਮਨਜੀਤ ਸਿੰਘ ਦਾ ਕਤਲ ਕਰਕੇ ਪੈਸੇ ਲੁੱਟੇ ਸਨ, ਜਦੋਂਕਿ ਔਰਤ ਮੁਲਜ਼ਮਾਂ ਨੂੰ ਕਾਰ ਵਿੱਚ ਲੈ ਕੇ ਫ਼ਰਾਰ ਹੋ ਗਈ ਸੀ। ਮੁਲਜ਼ਮਾਂ ਵੱਲੋਂ ਇਸ ਕਤਲ ਕਾਂਡ ਲਈ ਵਰਤੇ ਵਾਹਨ ਚੋਰੀ ਦੇ ਸਨ।
ਪੁਲਿਸ ਨੇ ਸਿੱਧਵਾਂ ਬੇਟ ਵਾਸੀ ਕੁਲਦੀਪ ਕੌਰ ਤੇ ਮਨਦੀਪ ਸਿੰਘ ਉਰਫ਼ ਮੰਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂਕਿ ਗੁਰਦਾਸਪੁਰ ਦੇ ਪਿੰਡ ਬਹਿਲੋਰਪੁਰ ਵਾਸੀ ਜ਼ੋਬਨਪ੍ਰੀਤ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ 34.35 ਲੱਖ ਰੁਪਏ ਦੀ ਨਕਦੀ, ਦੋ ਸਵਿਫ਼ਟ ਡਿਜ਼ਾਈਰ ਕਾਰਾਂ, ਐਕਟਿਵਾ ਸਕੂਟਰ ਤੇ ਵਾਰਦਾਤ ਲਈ ਵਰਤਿਆ ਸੂਆ ਵੀ ਬਰਾਮਦ ਕਰ ਲਿਆ ਹੈ।
ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮਨਜੀਤ ਸਿੰਘ ਦਾ ਜੁੱਤੀਆਂ ਦਾ ਕਾਰੋਬਾਰੀ ਸੀ ਤੇ ਨਾਲ ਹੀ ਉਹ ਮਨੀ ਐਕਸਚੇਂਜਰ ਦਾ ਵੀ ਕੰਮ ਕਰਦਾ ਸੀ। ਉਸ ਦਾ ਰੋਜ਼ਾਨਾ ਦਾ ਲੱਖਾਂ ਰੁਪਏ ਦਾ ਲੈਣ-ਦੇਣ ਹੁੰਦਾ ਸੀ। ਕੁਝ ਸਮਾਂ ਪਹਿਲਾਂ ਮੁਲਜ਼ਮ ਜ਼ੋਬਨਪ੍ਰੀਤ ਸਿੰਘ ਉਸ ਦੀ ਦੁਕਾਨ ’ਤੇ ਅਮੈਰੀਕਨ ਤੇ ਕੈਨੇਡੀਅਨ ਡਾਲਰ ਦਾ ਭਾਅ ਪਤਾ ਕਰਨ ਲਈ ਆਇਆ ਸੀ।
ਜਦੋਂ ਮੁਲਜ਼ਮ ਜੁੱਤੀਆਂ ਦੀ ਦੁਕਾਨ ਅੰਦਰ ਗਏ ਤਾਂ ਮਨਜੀਤ ਸਿੰਘ ਕਾਊਂਟਰ ’ਤੇ ਬੈਠਾ ਸੀ ਤੇ ਟੇਬਲ ’ਤੇ ਹੀ ਲੱਖਾਂ ਰੁਪਏ ਕੈਸ਼ ਪਏ ਸਨ। ਇਸ ਤੋਂ ਬਾਅਦ ਮੁਲਜ਼ਮਾਂ ਨੇ ਲੁੱਟ ਦੀ ਯੋਜਨਾ ਉਲੀਕੀ। ਮੁਲਜ਼ਮ ਕੁਝ ਦਿਨ ਮਨਜੀਤ ਸਿੰਘ ਦੀ ਰੇਕੀ ਕਰਦੇ ਰਹੇ ਤੇ 10 ਅਪਰੈਲ ਨੂੰ ਪੂਰੀ ਯੋਜਨਾ ਤਹਿਤ ਉਨ੍ਹਾਂ ਨੇ ਮਨਜੀਤ ਸਿੰਘ ਤੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮਨਜੀਤ ਸਿੰਘ ਪੈਸੇ ਲੈ ਕੇ ਜਿਵੇਂ ਹੀ ਐਕਟਿਵਾ ਰਾਹੀਂ ਦੁਕਾਨ ’ਚੋਂ ਨਿਕਲਿਆ ਤਾਂ ਮੁਲਜ਼ਮਾਂ ਨੇ ਉਸ ਦਾ ਪਿੱਛਾ ਕੀਤਾ। ਉਹ ਪਿੱਛਾ ਕਰਦੇ ਹੋਏ ਕੋਚਰ ਮਾਰਕੀਟ ਤੱਕ ਪੁੱਜ ਗਏ। ਪੈਸੇ ਸਕੂਟੀ ਦੀ ਡਿੱਗੀ ’ਚ ਸਨ।
ਇਹ ਵੀ ਪੜ੍ਹੋ: CAPF Recruitment Exam: ਪੰਜਾਬੀਆਂ ਲਈ ਖੁਸ਼ਖਬਰੀ! ਹੁਣ ਸੀਏਪੀਐਫ 'ਚ ਭਰਤੀ ਲਈ ਦੇ ਸਕਣਗੇ ਪੰਜਾਬੀ 'ਚ ਪ੍ਰੀਖਿਆ
ਮਨਜੀਤ ਸਿੰਘ ਨੇ ਐਕਟਿਵਾ ਸ਼ਰਮਾ ਹਲਵਾਈ ਦੀ ਦੁਕਾਨ ਬਾਹਰ ਲਾਈ ਤੇ ਪਨੀਰ ਲੈਣ ਚਲਾ ਗਿਆ। ਜਦੋਂ ਉਹ ਉੱਥੋਂ ਨਿਕਲਿਆ ਤਾਂ ਕੁਝ ਹੀ ਦੂਰੀ ’ਤੇ ਮੁਲਜ਼ਮਾਂ ਨੇ ਉਸ ’ਤੇ ਹਮਲਾ ਕਰ ਦਿੱਤਾ ਤੇ ਪੈਸਿਆਂ ਨਾਲ ਭਰਿਆ ਬੈਗ ਖੋਹਣ ਲੱਗੇ। ਮਨਜੀਤ ਨੇ ਉਨ੍ਹਾਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਮੁਲਜ਼ਮਾਂ ਨੇ ਉਸ ’ਤੇ ਸੂਏ ਦੇ ਕਈ ਵਾਰ ਕੀਤੇ ਤੇ ਬੈਗ ਲੈ ਕੇ ਫ਼ਰਾਰ ਹੋ ਗਏ। ਯੋਜਨਾ ਅਨੁਸਾਰ ਮੁਲਜ਼ਮਾਂ ਨੇ ਐਕਟਿਵਾ ਕੁਝ ਦੂਰੀ ’ਤੇ ਛੱਡੀ ਤੇ ਸਵਿਫ਼ਟ ਕਾਰ ’ਚ ਪੁੱਜੇ, ਜਿਸ ’ਚ ਕੁਲਦੀਪ ਕੌਰ ਉਨ੍ਹਾਂ ਦੀ ਉਡੀਕ ਕਰ ਰਹੀ ਸੀ। ਉਹ ਉਨ੍ਹਾਂ ਨੂੰ ਲੈ ਕੇ ਫ਼ਰਾਰ ਹੋ ਗਈ।
ਇਹ ਵੀ ਪੜ੍ਹੋ: Sikh Soldiers Painting: ਬ੍ਰਿਟੇਨ ਨੇ ਸਿੱਖ ਫ਼ੌਜੀਆਂ ਦੀ ਪੇਟਿੰਗ ਦੇਸ਼ ਤੋਂ ਬਾਹਰ ਲਿਜਾਣ ’ਤੇ ਲਾਈ ਪਾਬੰਦੀ