ਚੰਡੀਗੜ੍ਹ: ਹਰਿਆਣਾ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ 'ਤੇ ਰੋਕ ਲਾਉਣ ਲਈ ਸੂਬਾ ਸਰਕਾਰ ਨੇ ਹੁਣ ਕਿਸਾਨਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਫ਼ੈਸਲਾ ਕੀਤਾ ਹੈ। ਵਾਰ-ਵਾਰ ਸਮਝਾਉਣ ਦੇ ਬਾਵਜੂਦ ਕਿਸਾਨ ਪਰਾਲੀ ਸਾੜਦੇ ਫੜੇ ਜਾਂਦੇ ਹਨ। ਹੁਣ ਕਿਸਾਨਾਂ ਕੋਲੋਂ ਉਨ੍ਹਾਂ ਖਿਲਾਫ ਕਾਰਵਾਈ ਦੌਰਾਨ ਕੀਤੇ ਗਏ ਖਰਚੇ ਵੀ ਵਸੂਲੇ ਜਾਣਗੇ। ਇਹ ਫੈਸਲਾ ਸੋਮਵਾਰ ਨੂੰ ਸੂਬੇ ਦੇ ਮੁੱਖ ਸਕੱਤਰ ਕੇਸ਼ਾਨੀ ਆਨੰਦ ਅਰੋੜਾ ਦੀ ਮੀਟਿੰਗ ਦੌਰਾਨ ਲਿਆ ਗਿਆ।


ਮੀਟਿੰਗ ਦੌਰਾਨ ਮੁੱਖ ਸਕੱਤਰ ਨੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਐਫਆਈਆਰ ਦਰਜ ਕੀਤੇ ਜਾਣ ਵਾਲੇ ਅੰਕੜਿਆਂ ਸਮੇਤ ਰਿਪੋਰਟ ਉਪਲਬਧ ਕਰਾਉਣ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਜਿੱਥੇ ਵੀ ਪਰਾਲੀ ਸਾੜੀ ਜਾ ਰਹੀ ਹੈ, ਉੱਥੇ ਫਾਇਰ ਬ੍ਰਿਗੇਡ ਜਲਦ ਤੋਂ ਜਲਦ ਪਹੁੰਚ ਕੇ ਅੱਗ 'ਤੇ ਕਾਬੂ ਪਾਏ। ਇੰਨਾ ਹੀ ਨਹੀਂ, ਇਸ ਸਮੇਂ ਦੌਰਾਨ ਖਰਚ ਕੀਤੀ ਗਈ ਰਕਮ ਵੀ ਸਬੰਧਤ ਕਿਸਾਨਾਂ ਤੋਂ ਹੀ ਵਸੂਲ ਕੀਤੀ ਜਾਏ।


ਉਨ੍ਹਾਂ ਸੂਬੇ ਦੇ ਸਮੂਹ ਡਿਪਟੀ ਕਮਿਸ਼ਨਰਾਂ ਤੇ ਅਧਿਕਾਰੀਆਂ ਨੂੰ ਵਾਤਾਵਰਣ ਦੀ ਸੰਭਾਲ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਂਦਿਆਂ ਆਪਣਾ ਪੂਰਾ ਯੋਗਦਾਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਪ੍ਰਦੂਸ਼ਣ ਦੀ ਰੋਕਥਾਮ ਲਈ ਤਿੱਖੀ ਮੁਹਿੰਮ ਵਿੱਢਣ ਦੀ ਹਦਾਇਤ ਕੀਤੀ। ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਰੁੱਖਾਂ 'ਤੇ ਪਾਣੀ ਦੇ ਫੁਹਾਰੇ ਨਾਲ ਛਿੜਕਾਅ ਕੀਤਾ ਜਾਏ। ਜੇ ਕਿਸੇ ਜ਼ਿਲ੍ਹੇ ਵਿੱਚ ਪਾਣੀ ਦੇ ਫੁਹਾਰਿਆਂ ਦੀ ਘਾਟ ਹੈ, ਤਾਂ ਉਹ ਇਸ ਲਈ ਮੁੱਖ ਦਫ਼ਤਰ ਨੂੰ ਇੱਕ ਪੱਤਰ ਲਿਖ ਕੇ ਬਿਨੈ ਕਰ ਸਕਦੇ ਹਨ।