Terror Funding Case: ਕਸ਼ਮੀਰੀ ਵੱਖਵਾਦੀ ਨੇਤਾ ਯਾਸੀਨ ਮਲਿਕ (Kashmir Separatist Leader Yasin Malik) ਦੀ ਸਜ਼ਾ 'ਤੇ ਅੱਜ ਵਿਸ਼ੇਸ਼ ਐਨਆਈਏ ਅਦਾਲਤ ਵਿੱਚ ਬਹਿਸ ਪੂਰੀ ਹੋ ਗਈ। ਹੁਣ ਕੁਝ ਦੇਰ 'ਚ ਸਜ਼ਾ ਸੁਣਾਈ ਜਾਵੇਗੀ। ਇਸ ਬਹਿਸ ਦੌਰਾਨ ਯਾਸੀਨ ਮਲਿਕ ਨੇ ਅਦਾਲਤ ਨੂੰ ਕਿਹਾ, 'ਮੈਂ ਤੁਹਾਡੇ ਤੋਂ ਭੀਖ ਨਹੀਂ ਮੰਗਾਂਗਾ, ਤੁਹਾਨੂੰ ਜੋ ਸਹੀ ਲੱਗਦਾ ਹੈ, ਤੁਸੀਂ ਉਹ ਸਜ਼ਾ ਸੁਣਾ ਦਿਓ।'

ਦੱਸ ਦਈਏ ਕਿ ਅਦਾਲਤ 'ਚ ਯਾਸੀਨ ਨੇ ਜੱਜ ਨੂੰ ਕਿਹਾ ਕਿ ਬੁਰਹਾਨ ਵਾਨੀ ਨੂੰ ਮਾਰਨ ਦੇ ਐਲਾਨ ਤੋਂ ਬਾਅਦ ਹੀ ਮੈਂ ਲਗਾਤਾਰ ਜੇਲ੍ਹ 'ਚ ਰਿਹਾ ਹਾਂ, ਫਿਰ ਮੇਰੇ 'ਤੇ ਇਹ ਦੋਸ਼ ਕਿਵੇਂ ਬਣਦੇ ਹਨ? ਇਸ 'ਤੇ ਅਦਾਲਤ ਨੇ ਕਿਹਾ ਕਿ ਹੁਣ ਉਹ ਮੌਕਾ ਨਹੀਂ। ਇਸ ਦੇ ਨਾਲ ਹੀ ਯਾਸੀਨ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ, 'ਮੈਂ ਤੁਹਾਡੇ ਤੋਂ ਭੀਖ ਨਹੀਂ ਮੰਗਾਂਗਾ, ਤੁਹਾਨੂੰ ਜੋ ਸਹੀ ਲੱਗਦਾ ਹੈ, ਤੁਸੀਂ ਉਹ ਸਜ਼ਾ ਸੁਣਾ ਦਿਓ।' ਪਰ ਇਹ ਦੇਖ ਲਿਓ ਕਿ ਕੀ ਕੋਈ ਸਬੂਤ ਹੈ ਕਿ ਮੈਂ ਅੱਤਵਾਦੀਆਂ ਦਾ ਸਮਰਥਨ ਕੀਤਾ ਹੈ?

ਦਰਅਸਲ, ਯਾਸੀਨ ਮਲਿਕ ਵਿਰੁੱਧ ਅਪਰਾਧਿਕ ਸਾਜ਼ਿਸ਼, ਦੇਸ਼ ਵਿਰੁੱਧ ਜੰਗ ਛੇੜਨ ਤੇ ਕਸ਼ਮੀਰ ਦੀ ਸ਼ਾਂਤੀ ਨੂੰ ਭੰਗ ਕਰਨ ਸਮੇਤ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੀਆਂ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਗਏ ਸਨ। ਯਾਸੀਨ ਮਲਿਕ ਨੇ ਅਦਾਲਤ ਦੇ ਸਾਹਮਣੇ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਵੀ ਕੀਤਾ ਸੀ, ਜਿਸ ਤੋਂ ਬਾਅਦ 19 ਮਈ ਨੂੰ ਅਦਾਲਤ ਨੇ ਯਾਸੀਨ ਮਲਿਕ ਨੂੰ ਦੋਸ਼ੀ ਕਰਾਰ ਦਿੱਤਾ ਸੀ।

ਯਾਸੀਨ ਮਲਿਕ ਵਿਰੁੱਧ ਐਨਆਈਏ ਦੀ ਵਿਸ਼ੇਸ਼ ਅਦਾਲਤ ਨੇ ਧਾਰਾ-16 (ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ), ਸੈਕਸ਼ਨ-17 (ਅੱਤਵਾਦੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨਾ), ਸੈਕਸ਼ਨ-18 (ਅੱਤਵਾਦੀ ਕਾਰਵਾਈ ਕਰਨ ਦੀ ਸਾਜ਼ਿਸ਼), ਸੈਕਸ਼ਨ 20 (ਕਿਸੇ ਅੱਤਵਾਦੀ ਸਮੂਹ ਜਾਂ ਸੰਗਠਨ ਦਾ ਮੈਂਬਰ ਹੋਣਾ) ਤੇ ਧਾਰਾ 120ਬੀ ਤਹਿਤ ਯਾਨੀ ਅਪਰਾਧਿਕ ਸਾਜ਼ਿਸ਼, 124ਏ ਅਰਥਾਤ ਦੇਸ਼ਧ੍ਰੋਹ ਤੇ ਆਈਪੀਸੀ ਦੀਆਂ ਹੋਰ ਧਾਰਾਵਾਂ ਤਹਿਤ ਦੋਸ਼ ਆਇਦ ਕੀਤੇ ਸੀ। ਪਿਛਲੀ ਸੁਣਵਾਈ ਦੌਰਾਨ ਖੁਦ ਯਾਸੀਨ ਮਲਿਕ ਨੇ ਅਦਾਲਤ ਦੇ ਸਾਹਮਣੇ ਅਦਾਲਤ ਵੱਲੋਂ ਲਗਾਏ ਗਏ ਇਨ੍ਹਾਂ ਦੋਸ਼ਾਂ ਨੂੰ ਸਵੀਕਾਰ ਕਰ ਲਿਆ ਸੀ ਤੇ ਇਸ ਮਾਮਲੇ ਵਿੱਚ ਕੇਸ ਲੜਨ ਤੋਂ ਇਨਕਾਰ ਕਰ ਦਿੱਤਾ ਸੀ।