Kapil Sibal Resigns From Congress: ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ (Kapil Sibal) ਨੇ ਅੱਜ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਲਈ ਸਮਾਜਵਾਦੀ ਪਾਰਟੀ (Samajwadi Party) ਦੇ ਉਮੀਦਵਾਰ ਵਜੋਂ ਨਾਮਜ਼ਦਗੀ ਭਰਨ ਤੋਂ ਬਾਅਦ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ।

ਕਪਿਲ ਸਿੱਬਲ ਨੇ ਕਿਹਾ ਕਿ ਮੈਂ 16 ਮਈ ਨੂੰ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ। ਸਿੱਬਲ ਨੇ ਕਿਹਾ ਕਿ ਸੰਸਦ ਵਿੱਚ ਸੁਤੰਤਰ ਆਵਾਜ਼ ਦਾ ਹੋਣਾ ਜ਼ਰੂਰੀ ਹੈ। ਜੇਕਰ ਕੋਈ ਆਜ਼ਾਦ ਆਵਾਜ਼ ਬੋਲੇ ਤਾਂ ਲੋਕ ਇਹ ਮੰਨਣਗੇ ਕਿ ਇਹ ਕਿਸੇ ਸਿਆਸੀ ਪਾਰਟੀ ਤੋਂ ਨਹੀਂ ਹੈ।
 
ਦੱਸ ਦੇਈਏ ਕਿ ਕਪਿਲ ਸਿੱਬਲ ਕਾਂਗਰਸ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿੱਚੋਂ ਇੱਕ, 23 ਅਸੰਤੁਸ਼ਟ ਨੇਤਾਵਾਂ ਦੇ "ਜੀ-23" ਸਮੂਹ ਦਾ ਹਿੱਸਾ ਸਨ, ਜਿਨ੍ਹਾਂ ਨੇ ਪਾਰਟੀ ਦੀ ਲੀਡਰਸ਼ਿਪ ਅਤੇ ਸੰਗਠਨ ਵਿੱਚ ਪੂਰੀ ਤਰ੍ਹਾਂ ਫੇਰਬਦਲ ਦੀ ਮੰਗ ਕੀਤੀ ਸੀ। ਉਹ ਹਾਲ ਹੀ ਦੇ ਹਫ਼ਤਿਆਂ ਵਿੱਚ ਗਾਂਧੀ ਪਰਿਵਾਰ ਦੀ ਲੀਡਰਸ਼ਿਪ ਦੀ ਆਲੋਚਨਾ ਬਾਰੇ ਵੀ ਬੋਲਿਆ ਸੀ।

ਉਨ੍ਹਾਂ ਦੇ ਅਸਤੀਫੇ ਨੂੰ ਲੈ ਕੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਹੈ ਕਿ ਕਪਿਲ ਸਿੱਬਲ ਵੱਡੇ ਨੇਤਾ ਰਹੇ ਹਨ। ਇਸ ਲਈ ਉਹ ਇੱਕ ਸੀਟ ਤੋਂ ਰਾਜ ਸਭਾ ਵਿੱਚ ਜਾਣਗੇ। ਦੂਜੇ ਪਾਸੇ ਪਾਰਟੀ ਨੇ ਕਪਿਲ ਸਿੱਬਲ ਤੋਂ ਇਲਾਵਾ ਦੋ ਹੋਰ ਸੀਟਾਂ 'ਤੇ ਜਾਵੇਦ ਅਲੀ ਖਾਨ ਤੇ ਡਿੰਪਲ ਯਾਦਵ ਨੂੰ ਰਾਜ ਸਭਾ ਭੇਜਣ ਦਾ ਫੈਸਲਾ ਕੀਤਾ ਹੈ।

ਯੂਪੀ ਦੀਆਂ 11 ਸੀਟਾਂ 'ਤੇ ਹੋਣਗੀਆਂ ਰਾਜ ਸਭਾ ਚੋਣਾਂ  
ਕਪਿਲ ਸਿੱਬਲ ਨੇ ਹਾਲ ਹੀ ਵਿੱਚ ਲਖਨਊ ਵਿੱਚ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨਾਲ ਮੁਲਾਕਾਤ ਕੀਤੀ ਸੀ। ਜਾਣਕਾਰੀ ਮੁਤਾਬਕ ਸਿੱਬਲ ਨੇ ਸੁਪਰੀਮ ਕੋਰਟ 'ਚ ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਆਜ਼ਮ ਖਾਨ ਦੀ ਨੁਮਾਇੰਦਗੀ ਕੀਤੀ ਸੀ। ਆਜ਼ਮ ਖਾਨ ਨੂੰ ਦੋ ਸਾਲ ਦੀ ਜੇਲ੍ਹ ਤੋਂ ਬਾਅਦ ਸੁਪਰੀਮ ਕੋਰਟ ਨੇ ਅੰਤਰਿਮ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ ਸੀ। ਇਸ ਦੇ ਨਾਲ ਹੀ ਅਗਲੇ ਮਹੀਨੇ ਹੋਣ ਵਾਲੀਆਂ ਰਾਜ ਸਭਾ ਚੋਣਾਂ ਵਿੱਚ ਉੱਤਰ ਪ੍ਰਦੇਸ਼ ਦੀਆਂ 11 ਸੀਟਾਂ ਸ਼ਾਮਲ ਹੋਣਗੀਆਂ।