ਨਵੀਂ ਦਿੱਲੀ: ਪਾਕਿਸਤਾਨ ਵਿਚਲੇ ਅੱਤਵਾਦੀ ਸੰਗਠਨ ਪੰਜਾਬ ਸਣੇ ਭਾਰਤ ਵਿੱਚ ਵੱਡੇ ਧਮਾਕੇ ਕਰਨ ਦੀ ਯੋਜਨਾ ਬਣਾ ਰਹੇ ਹਨ। ਫੌਜ ਦੇ ਖੁਫੀਆ ਵਿੰਗ ਦੀ ਇਸ ਚੇਤਾਵਨੀ ਮਗਰੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਸੂਤਰਾਂ ਮੁਤਾਬਕ ਸੈਨਾ ਦੇ ਖੁਫੀਆ ਵਿੰਗ ਨੇ ਅਲਰਟ ਜਾਰੀ ਕੀਤਾ ਹੈ ਜਿਸ ਮੁਤਾਬਕ ਅੱਤਵਾਦੀ ਪਠਾਨਕੋਟ, ਅੰਮ੍ਰਿਤਸਰ, ਸ਼੍ਰੀਨਗਰ ਤੇ ਹੋਰ ਮੈਟਰੋ ਸ਼ਹਿਰਾਂ ‘ਚ ਅੱਤਵਾਦੀ ਹਮਲੇ ਦੀ ਸਾਜਿਸ਼ਾਂ ਨੂੰ ਅੰਜ਼ਾਮ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਚਨਾ ਮੁਤਾਬਕ ਇਨ੍ਹਾਂ ਥਾਂਵਾਂ ‘ਤੇ ਵੱਖ-ਵੱਖ ਗੁੱਟਾਂ ‘ਚ ਅੱਤਵਾਦੀ ਪਹੁੰਚੇ ਹਨ ਤੇ ਪੰਜ ਤੋਂ 10 ਅੱਤਵਾਦੀ ਹੋਣ ਦਾ ਸ਼ੱਕ ਹੈ।

ਅਲਰਟ ਮੁਤਾਬਕ ਅੱਤਵਾਦੀ ਮਜ਼ਦੂਰ ਦੇ ਲਿਬਾਸ ‘ਚ ਹੋ ਸਕਦੇ ਹਨ। ਇਸ ਦੇ ਨਾਲ ਹੀ ਮਿਲਟਰੀ ਇੰਜਨੀਅਰ ਸਰਵਿਸ ਦੇ ਕੁਝ ਲੋਕਾਂ ‘ਤੇ ਵੀ ਸ਼ੱਕ ਹੈ। ਇਹ ਲੋਕ ਅੱਤਵਾਦੀਆਂ ਨਾਲ ਮਿਲੇ ਹੋ ਸਕਦੇ ਹਨ। ਨਿਸ਼ਾਨੇ ‘ਤੇ ਏਅਰਬੇਸ ਤੇ ਸੁਰੱਖਿਆ ਬਲਾਂ ਦਾ ਕੋਈ ਵੱਡਾ ਦਫਤਰ ਹੈ।

ਨਿਊਜ਼ ਏਜੰਸੀ ਏਐਨਆਈ ਮੁਤਾਬਕ ਅੱਤਵਾਦੀ ਹਮਲਿਆਂ ਦੇ ਖ਼ਤਰੇ ਨੂੰ ਵੇਖਦੇ ਹੋਏ ਸ਼੍ਰੀਨਗਰ, ਅਵੰਤੀਪੋਰਾ, ਜੰਮੂ, ਪਠਾਨਕੋਟ, ਹਿੰਡਨ ਸਣੇ ਸਾਰੇ ਮੁੱਖ ਏਅਰਬੇਸਾਂ ‘ਤੇ ਔਰੇਂਜ਼ ਅਲਰਟ ਜਾਰੀ ਕੀਤਾ ਗਿਆ ਹੈ। ਪੂਰੇ ਹਮਲੇ ਦੀ ਸਾਜਿਸ਼ ਜੈਸ਼--ਮੁਹੰਮਦ ਨੇ ਰਚੀ ਹੈ।