ਜੈਪੁਰ: ਰਾਜਸਥਾਨ ਟਰਾਂਸਪੋਰਟ ਵਿਭਾਗ ਨੇ ਲਾਪਰਵਾਹੀ ਨਾਲ ਵਾਹਨ ਚਲਾਉਣ ਤੇ ਉਸ ਦੀ ਵਜ੍ਹਾ ਨਾਲ ਹੋਣ ਵਾਲੇ ਸੜਕ ਹਾਦਸਿਆਂ ਨੂੰ ਰੋਕਣ ਲਈ ਇੱਕ ਵਿਲੱਖਣ ਪਹਿਲ ਕੀਤੀ ਹੈ। ‘ਹਮੇਂ ਇੰਤਜ਼ਾਰ ਹੈ’ ਨਾਂ ਦੀ ਇਸ ਪਹਿਲ ਦੇ ਤਹਿਤ ਵਿਭਾਗ ਦੇ ਸਮੂਹ ਸਰਕਾਰੀ ਡਰਾਈਵਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਵਾਹਨ ਦੇ ਡੈਸ਼ ਬੋਰਡ 'ਤੇ ਹਮੇਸ਼ਾ ਆਪਣੇ ਪਰਿਵਾਰ ਦੀ ਫੋਟੋ ਰੱਖਣ। ਆਮ ਸਰਕਾਰੀ ਦੇ ਆਦੇਸ਼ਾਂ ਦੇ ਉਲਟ, ਇਹ ਇੱਕ ਅਜਿਹਾ ਆਦੇਸ਼ ਹੈ ਜੋ ਨਿਯਮਾਂ ਨਾਲੋਂ ਕਿਤੇ ਵੱਧ ਭਾਵਨਾਤਮਕ ਹੈ।


ਟਰਾਂਸਪੋਰਟ ਵਿਭਾਗ ਦੇ ਸੈਂਕੜੇ ਵਾਹਨ ਚਾਲਕਾਂ ਨੇ ਆਪਣੇ ਪਰਿਵਾਰ ਦੀਆਂ ਫੋਟੋਆਂ ਲਾ ਲਈਆਂ ਹਨ। ਹੁਣ ਸੂਬੇ ਦੇ ਟਰਾਂਸਪੋਰਟ ਮੰਤਰੀ ਇਸ ਨੂੰ ਰੋਡਵੇਜ਼ ਦੀਆਂ ਬੱਸਾਂ 'ਤੇ ਵੀ ਲਾਗੂ ਕਰਨ 'ਤੇ ਵਿਚਾਰ ਕਰ ਰਹੇ ਹਨ। ਪਰ ਉਹ ਹਰ ਕਿਸੇ ਦੀ ਸਹਿਮਤੀ ਤੋਂ ਬਾਅਦ ਇਸ ਨੂੰ ਲਾਗੂ ਕਰਨਾ ਚਾਹੁੰਦੇ ਹਨ ਤਾਂ ਜੋ ਇਸ ਹੁਕਮ ਦਾ ਵਿਰੋਧ ਨਾ ਹੋਵੇ।


ਇੱਕ ਅੰਦਾਜ਼ੇ ਅਮੁਤਾਬਕ ਦੇਸ਼ ਭਰ ਵਿੱਚ ਸੜਕ ਹਾਦਸਿਆਂ ਵਿੱਚ ਹਰ ਸਾਲ ਡੇਢ ਲੱਖ ਤੋਂ ਵੱਧ ਮੌਤਾਂ ਹੁੰਦੀਆਂ ਹਨ। ਰਾਜਸਥਾਨ ਦਾ ਟਰਾਂਸਪੋਰਟ ਵਿਭਾਗ ਡਰਾਈਵਰਾਂ ਨੂੰ ਡੈਸ਼ ਬੋਰਡ 'ਤੇ ਲਾਉਣ ਲਈ ਇੱਕ ਫਰੇਮ ਦੇ ਰਿਹਾ ਹੈ ਤੇ ਡਰਾਈਵਰਾਂ ਨੂੰ ਆਪਣੇ ਪਰਿਵਾਰਾਂ ਦੀਆਂ ਰੰਗੀਨ ਤਸਵੀਰਾਂ ਦੇਣ ਲਈ ਕਿਹਾ ਗਿਆ ਹੈ ਤਾਂ ਜੋ ਇਹ ਫੋਟੋਆਂ ਸਾਰੇ ਵਾਹਨਾਂ ਵਿੱਚ ਲਾਈਆਂ ਜਾ ਸਕਣ।