ਸ਼ਾਹਜਹਾਂਪੁਰ: ਸਾਬਕਾ ਕੇਂਦਰੀ ਮੰਤਰੀ ਚਿੰਮਿਆਨੰਦ ਤੋਂ ਰੰਗਦਾਰੀ ਤੇ ਬਲੈਕਮੇਲ ਕਰਨ ਦੇ ਮਾਮਲੇ ‘ਚ ਅੱਜ ਪੀੜਤ ਵਿਦਿਆਰਥਣ ਨੂੰ ਐਸਆਈਟੀ ਨੇ ਹਿਰਾਸਤ ‘ਚ ਲੈ ਲਿਆ। ਪੀੜਤਾ ਨੂੰ ਜ਼ਮਾਨਤ ਪਟੀਸ਼ਨ ਦਾਖਲ ਕਰਨ ਦੌਰਾਨ ਐਸਆਈਟੀ ਨੇ ਹਿਰਾਸਤ ‘ਚ ਲਿਆ। ਪੀੜਤਾ ਨੂੰ ਜ਼ਿਲ੍ਹਾ ਸੈਸ਼ਨ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਪੀੜਤਾ ਦੇ ਵਕੀਲ ਨੇ ਕਿਹਾ ਕਿ ਪੀੜਤਾ ਦੀ ਜ਼ਮਾਨਤ ਦੀ ਅਰਜ਼ੀ ‘ਤੇ ਸੁਣਵਾਈ ਹੋਈ ਹੈ।


ਇਲਾਹਾਬਾਦ ਹਾਈਕੋਰਟ ਨੇ ਸਵਾਮੀ ਚਿੰਮਿਆਨੰਦ ਨੂੰ ਬਲੈਕਮੈਲ ਕਰਨ ਦੇ ਇਲਜ਼ਾਮ ‘ਚ ਪੀੜਤ ਵਿਦਿਆਰਥਣ ਨੂੰ ਫੋਰੀ ਤੌਰ ‘ਤੇ ਕੋਈ ਰਾਹਤ ਨਹੀ ਦਿੱਤੀ ਸੀ। ਸੁਪਰੀਮ ਕੋਰਟ ਦੇ ਹੁਕਮ ‘ਤੇ ਗਠਿਤ ਹਾਈਕੋਰਟ ਦੀ ਸਪੈਸ਼ਲ ਬੈਂਚ ਤੋਂ ਅਰੈਸਟ ਸਟੇਅ ਨਹੀਂ ਮਿਲਣ ਤੋਂ ਬਾਅਦ ਮੁਲਜ਼ਮ ਵਿਦਿਆਰਥਣ ‘ਤੇ ਹੁਣ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਕੱਲ੍ਹ ਹੋਈ ਸੁਣਵਾਈ ਦੌਰਾਨ ਅਦਾਲਤ ਨੇ ਪੀੜਤ ਵਿਦਿਆਰਥਣ ਨੂੰ ਕਿਹਾ ਸੀ ਕਿ ਗ੍ਰਿਫ਼ਤਾਰੀ ‘ਤੇ ਰੋਕ ਲਈ ਉਹ ਨਵੇਂ ਸਿਰੇ ਤੋਂ ਰੈਗੂਲਰ ਬੈਂਚ ਸਾਹਮਣੇ ਪਟੀਸ਼ਨ ਦਾਖਲ ਕਰ ਸਕਦੀ ਹੈ।

ਕਰੀਬ ਡੇਢ ਘੰਟਾ ਚੱਲੀ ਸੁਣਵਾਈ ‘ਚ ਸਭ ਤੋਂ ਪਹਿਲਾਂ ਐਸਆਈਟੀ ਨੇ ਆਪਣੀ ਪ੍ਰੋਗ੍ਰੈਸ ਰਿਪੋਰਟ ਪੇਸ਼ ਕੀਤੀ, ਜਿਸ ਤੋਂ ਅਦਾਲਤ ਸੰਤੁਸ਼ਟ ਨਜ਼ਰ ਆਈ। ਯੂਪੀ ਸਰਕਾਰ ਵੱਲੋਂ ਵੀ ਇਸ ਮਾਮਲੇ ਦੀ ਸੁਣਵਾਈ ਬੰਦ ਕਮਰੇ ‘ਚ ਕਰਨ ਦੀ ਅਪੀਲ ਨੂੰ ਅਦਾਲਤ ਨੇ ਠੁਕਰਾ ਦਿੱਤਾ।

ਅਦਾਲਤ ਨੇ ਇਸ ਮਾਮਲੇ ‘ਤੇ ਹੁਣ 22 ਅਕਤੂਬਰ ਨੂੰ ਫੇਰ ਤੋਂ ਸੁਣਵਾਈ ਕਰਨ ਦਾ ਐਲਾਨ ਕੀਤਾ ਹੈ। ਉਸੇ ਦਿਨ ਐਸਆਈਟੀ ਅਗਲੀ ਪ੍ਰੋਗ੍ਰੈਸ ਰਿਪੋਰਟ ਵੀ ਪੇਸ਼ ਕਰੇਗੀ।