ਨਵੀਂ ਦਿੱਲੀ: ਭਾਰਤੀ ਹਵਾਈ ਫ਼ੌਜ ਦੇ ਪਾਇਲਟ ਅਭਿਨੰਦਨ ਵਰਤਮਾਨ ਦਾ ਮਿੱਗ-21 ਬੀਤੀ 27 ਫਰਵਰੀ ਨੂੰ ਭਾਰਤ-ਪਾਕਿਸਤਾਨ ‘ਚ ਹੋਈ ਹਵਾਈ ਕਾਰਵਾਈ ਦੌਰਾਨ ਹਾਦਸਾਗ੍ਰਸਤ ਹੋ ਗਿਆ ਸੀ। ਇਸ ਦੌਰਾਨ ਉਹ ਭਾਰਤੀ ਸਰਹੱਦ ਤੋਂ ਪਾਰ ਪਾਕਿਸਤਾਨੀ ‘ਚ ਜਾ ਡਿੱਗੇ ਸਨ। ਉਨ੍ਹਾਂ ਨੂੰ ਪਾਕਿਸਤਾਨੀ ਆਰਮੀ ਨੇ ਫੜ ਲਿਆ ਸੀ। ਪਰ ਬੀਤੇ ਦਿਨੀਂ ਹੀ ਪਾਕਿ ਵੱਲੋਂ ਵਿੰਗ ਕਮਾਂਡਰ ਅਭਿਨੰਦਨ ਨੂੰ ਭਾਰਤ ਨੂੰ ਸੌਂਪ ਦਿੱਤਾ ਗਿਆ ਹੈ।

ਅਭਿਨੰਦਨ ਤਿੰਨ ਦਿਨ ਪਾਕਿਸਤਾਨੀ ਕੈਦ ‘ਚ ਰਹਿ ਕੇ ਵਾਪਸ ਪਰਤੇ ਹਨ। ਇਸ ਦੇ ਨਾਲ ਹੀ ਪਾਕਿ ਵੱਲੋਂ ਇਸ ਤਣਾਅ ਦੀ ਸਥਿਤੀ ‘ਚ ਅਭਿਨੰਦਨ ਨੂੰ ਰਿਹਾ ਕਰਨਾ ਦੋਵਾਂ ਦੇਸ਼ਾਂ ‘ਚ ਸ਼ਾਂਤੀ ਬਣਾਏ ਰੱਖਣ ‘ਚ ਵੱਡਾ ਕਦਮ ਹੈ।


ਵਿੰਗ ਕਮਾਂਡਰ ਅਭਿਨੰਦਨ ਰਾਤ 9 ਵੱਜ ਕੇ 10 ਮਿੰਟ ‘ਤੇ ਪਾਕਿਸਤਾਨ ਵੱਲੋਂ ਵਾਹਗਾ ਚੈੱਕਪੋਸਟ ‘ਤੇ ਨਜ਼ਰ ਆਏ ਅਤੇ ਉਨ੍ਹਾਂ ਦੇ ਨਾਲ ਪਾਕਿਸਤਾਨੀ ਰੇਂਜਰ, ਇਸਲਾਮਾਬਾਦ ਹਾਈਕਮਿਸ਼ਨ ਦੇ ਭਾਰਤੀ ਏਅਰ ਅਤਾਸ਼ੇ ਮੌਜੂਦ ਸੀ। ਉਨ੍ਹਾਂ ਨੇ ਗੂੜ੍ਹੇ ਰੰਗ ਦਾ ਕੋਟ ਅਤੇ ਖਾਕੀ ਰੰਗ ਦੀ ਪੈਂਟ ਪਾਈ ਸੀ। ਅਭਿਨੰਦਨ ਜਦੋਂ ਭਾਰਤੀ ਸੀਮਾ ‘ਚ ਦਾਖਲ ਹੋ ਰਹੇ ਸੀ ਤਾਂ ਉਨ੍ਹਾਂ ਦਾ ਸਿਰ ਫਖ਼ਰ ਨਾਲ ਉੱਚਾ ਸੀ।

ਵਰਤਮਾਨ ਨੂੰ ਅੱਜ ‘ਡੀਬ੍ਰੀਫਿੰਗ’ ਤੋਂ ਲੰਘਣਾ ਪਵੇਗਾ, ਜਿਸ ‘ਚ ਸੈਨਾ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਹੋਣਗੇ। ਨਾਲ ਹੀ ਇਨ੍ਹਾਂ ਸਭ ਦੀ ਮੌਜੂਦਗੀ ‘ਚ ਉਨ੍ਹਾਂ ਦੀ ਸਰੀਰਕ ਜਾਂਚ ਵੀ ਹੋਵੇਗੀ। ਇਸ ਲਈ ਉਹ ਹਾਲੇ ਆਪਣੇ ਪਰਿਵਾਰ ਨਾਲ ਮੁਲਾਕਾਤ ਨਹੀਂ ਕਰ ਸਕਣਗੇ ਅਤੇ ਦਿੱਲੀ ਵਿੱਚ ਉਨ੍ਹਾਂ ਦੀ ਜਾਂਚ ਹੋਵੇਗੀ।