Delhi Election: ਦਿੱਲੀ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Krjriwal) ਦੀ ਸਰਕਾਰੀ ਰਿਹਾਇਸ਼, ਜਿਸ ਨੂੰ ਭਾਜਪਾ ਸ਼ੀਸ਼ਮਹਿਲ ਕਹਿ ਕੇ ਸੰਬੋਧਨ ਕਰਦੀ ਹੈ, ਦਾ ਮੁੱਦਾ ਜ਼ੋਰ ਫੜਦਾ ਜਾ ਰਿਹਾ ਹੈ। ਜਦੋਂ ਮੰਗਲਵਾਰ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਇਸ ਬੰਗਲੇ ਦੇ ਅੰਦਰੋਂ ਇੱਕ ਵੀਡੀਓ ਜਾਰੀ ਕਰਕੇ ਅਰਵਿੰਦ ਕੇਜਰੀਵਾਲ ਦੀ ਘੇਰਾਬੰਦੀ ਤੇਜ਼ ਕੀਤੀ ਤਾਂ ਮਨੀਸ਼ ਸਿਸੋਦੀਆ ਨੇ ਬਚਾਅ ਵਿੱਚ ਜਵਾਬ ਦਿੱਤਾ। 'ਬੰਗਲੇ 'ਤੇ ਕੁਝ ਕਰੋੜ ਰੁਪਏ ਖਰਚੇ ਗਏ' ਦੀ ਗੱਲ ਨੂੰ ਸਵੀਕਾਰ ਕਰਦੇ ਹੋਏ ਸਿਸੋਦੀਆ ਨੇ ਕਿਹਾ ਕਿ ਭਾਜਪਾ ਕੇਜਰੀਵਾਲ ਦੇ ਬੰਗਲੇ ਨੂੰ ਲੈ ਕੇ ਚਿੰਤਤ ਹੈ, ਪਰ ਦੇਸ਼ ਦੇ ਲੋਕ ਪੁੱਛ ਰਹੇ ਹਨ ਕਿ ਸਕੂਲਾਂ ਲਈ ਪੈਸਾ ਕਿੱਥੇ ਗਿਆ, ਭਾਜਪਾ ਵਾਲੇ ਹਜ਼ਾਰਾਂ ਕਰੋੜ ਰੁਪਏ ਖਾ ਗਏ ਹਨ।


ਭਾਜਪਾ ਵੱਲੋਂ ਵੀਡੀਓ ਜਾਰੀ ਕੀਤੇ ਜਾਣ ਤੋਂ ਬਾਅਦ ਮਨੀਸ਼ ਸਿਸੋਦੀਆ ਨੇ ਨਿੱਜੀ ਚੈਲਨ ਨਾਲ ਗੱਲਬਾਤ ਕਰਦੇ ਹੋਏ ਇਸ ਖਰਚੇ ਨੂੰ ਸਵੀਕਾਰ ਕਰਦੇ ਹੋਏ ਕੇਜਰੀਵਾਲ ਦਾ ਬਚਾਅ ਕੀਤਾ ਤੇ ਭਾਜਪਾ ਪਾਰਟੀ 'ਤੇ ਜ਼ੋਰਦਾਰ ਵਾਰ ਕੀਤਾ। ਸਿਸੋਦੀਆ ਨੇ ਕਿਹਾ ਕਿ ਭਾਜਪਾ ਕੋਲ ਦਿਖਾਉਣ ਲਈ ਕੋਈ ਕੰਮ ਨਹੀਂ ਹੈ, ਜੇ ਉਨ੍ਹਾਂ ਨੂੰ ਗੁਜਰਾਤ, ਹਰਿਆਣਾ ਜਾਂ ਉੱਤਰ ਪ੍ਰਦੇਸ਼ ਦੇ ਸਕੂਲਾਂ, ਬਿਜਲੀ, ਦਵਾਈਆਂ 'ਤੇ ਸਵਾਲ ਕੀਤਾ ਜਾਂਦਾ ਹੈ ਤਾਂ ਉਹ ਕੇਜਰੀਵਾਲ ਦਾ ਬੰਗਲਾ ਦਿਖਾਉਣ ਲੱਗ ਜਾਂਦੇ ਹਨ।






ਸਿਸੋਦੀਆ ਨੇ ਕਿਹਾ, 'ਉਹ ਘਰ ਲੈ ਕੇ ਘੁੰਮ ਰਹੇ ਹਨ। ਦੇਸ਼ ਭਰ ਦੇ ਲੋਕ ਭਾਜਪਾ ਵਾਲਿਆਂ ਨੂੰ ਪੁੱਛ ਰਹੇ ਹਨ ਕਿ ਸਕੂਲ ਕਿੱਥੇ ਹਨ, ਜੇ ਕੇਜਰੀਵਾਲ  ਨੇ ਕੁਝ ਕਰੋੜਾਂ ਦਾ ਘਰ ਬਣਾਇਆ ਹੈ ਤਾਂ ਤੁਸੀਂ (ਭਾਜਪਾ) ਇਸ ਦੀ ਚਿੰਤਾ ਕਰ ਰਹੇ ਹੋ। ਭਾਜਪਾ ਦੇਸ਼ ਦੇ ਸਕੂਲਾਂ ਦੇ ਹਜ਼ਾਰਾਂ ਕਰੋੜਾਂ ਰੁਪਏ ਖਾ ਗਈ, ਉਹ ਪੈਸਾ ਕਿੱਥੇ ਹੈ ? 


ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਲੋਕ ਉਨ੍ਹਾਂ ਤੋਂ ਬੱਚਿਆਂ ਦੇ ਭਵਿੱਖ ਬਾਰੇ ਪੁੱਛ ਰਹੇ ਹਨ। ਹੁਣ ਬੱਚਿਆਂ ਦੇ ਭਵਿੱਖ ਬਾਰੇ ਕੋਈ ਜਵਾਬ ਨਹੀਂ ਹੈ, ਇੱਕ ਹੀ ਜਵਾਬ ਹੈ- ਕੇਜਰੀਵਾਲ ਦਾ ਬੰਗਲਾ,  ਲੋਕ ਪੁੱਛ ਰਹੇ ਹਨ ਕਿ ਬੱਚਿਆਂ ਲਈ ਸਕੂਲ ਕਿਉਂ ਨਹੀਂ ਬਣਾਏ ਗਏ, ਤਾਂ ਕਹਿੰਦੇ ਨੇ ਕੇਜਰੀਵਾਲ ਦਾ ਬੰਗਲਾ । ਲੋਕ ਪੁੱਛ ਰਹੇ ਹਨ ਕਿ ਹਰਿਆਣਾ, ਉੱਤਰ ਪ੍ਰਦੇਸ਼ ਵਿੱਚ ਬਿਜਲੀ ਇੰਨੀ ਮਹਿੰਗੀ ਕਿਉਂ ਹੈ ਤਾਂ ਕਹਿੰਦੇ ਨੇ ਕੇਜਰੀਵਾਲ ਦਾ ਬੰਗਲਾ ।ਉਨ੍ਹਾਂ ਕੋਲ ਦਿਖਾਉਣ ਲਈ ਕੁਝ ਨਹੀਂ ਹੈ, ਮੈਨੂੰ ਕਈ ਵਾਰ ਉਨ੍ਹਾਂ ਲਈ ਤਰਸ ਆਉਂਦਾ ਹੈ।