Robert Abraham


 


ਚੰਡੀਗੜ੍ਹ/ਰੋਹਤਕ: ਮੁੱਖ ਮੰਤਰੀ ਨੇ ਹਰਿਆਣਾ ਦੇ ਅੰਬਾਲਾ ਰੇਂਜ ਦੀ ਮਹਿਲਾ ਆਈਜੀ ਤੇ ਆਈਪੀਐਸ ਅਧਿਕਾਰੀ ਭਾਰਤੀ ਅਰੋੜਾ ਦੀ ਸਵੈ-ਇੱਛੁਕ ਸੇਵਾਮੁਕਤੀ (VRS) ਨਾਲ ਸਬੰਧਤ ਅਰਜ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੀਐਮ ਮਨੋਹਰ ਲਾਲ ਨੇ ਉਨ੍ਹਾਂ ਦੀ VRS ਨਾਲ ਸਬੰਧਤ ਫਾਈਲ 'ਤੇ ਦਸਤਖਤ ਕੀਤੇ ਹਨ। ਭਾਰਤੀ ਅਰੋੜਾ ਨੂੰ ਹੁਣ 1 ਦਸੰਬਰ ਦੀ ਦੁਪਹਿਰ ਨੂੰ ਡਿਊਟੀ ਤੋਂ ਰਿਲੀਵ ਕਰ ਦਿੱਤਾ ਜਾਏਗਾ। ਉਨ੍ਹਾਂ ਨੇ ਆਪਣੀ ਰਿਟਾਇਰਮੈਂਟ ਤੋਂ 10 ਸਾਲ ਪਹਿਲਾਂ VRS ਲਈ ਹੈ।




IPS ਭਾਰਤੀ ਅਰੋੜਾ ਨੇ ਇਸ ਸਾਲ ਜੁਲਾਈ 2021 ਵਿੱਚ VRS ਲਈ ਅਰਜ਼ੀ ਦਿੱਤੀ ਸੀ, ਜਿਸ ਨੂੰ ਗ੍ਰਹਿ ਮੰਤਰੀ ਅਨਿਲ ਵਿੱਜ ਤੇ ਉੱਚ ਪੁਲਿਸ ਅਧਿਕਾਰੀਆਂ ਨੇ ਮਨਜ਼ੂਰੀ ਨਹੀਂ ਦਿੱਤੀ ਸੀ। ਇਸ ਤੋਂ ਬਾਅਦ ਭਾਰਤੀ ਅਰੋੜਾ ਨੇ VRS ਲਈ ਨਵੰਬਰ ਮਹੀਨੇ ਦੁਬਾਰਾ ਅਪਲਾਈ ਕੀਤਾ। ਇਸ 'ਤੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਤੇ ਫਾਈਲ ਮੁੱਖ ਮੰਤਰੀ ਨੂੰ ਭੇਜ ਦਿੱਤੀ। ਗ੍ਰਹਿ ਮੰਤਰਾਲੇ ਤੇ ਪੁਲਿਸ ਵਿਭਾਗ ਦੀ ਮਨਜ਼ੂਰੀ ਤੋਂ ਬਾਅਦ ਮੁੱਖ ਮੰਤਰੀ ਨੇ ਵੀ ਫਾਈਲ ਨੂੰ ਮਨਜ਼ੂਰੀ ਦੇ ਦਿੱਤੀ ਤੇ ਦਸਤਖਤ ਕੀਤੇ।

ਮੁੱਖ ਮੰਤਰੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਭਾਰਤੀ ਅਰੋੜਾ ਨੇ ਕਿਹਾ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਕ੍ਰਿਸ਼ਨ ਦੀ ਭਗਤੀ ਵਿੱਚ ਬਤੀਤ ਕਰਨਗੇ। ਉਨ੍ਹਾਂ ਨੇ ਹਰਿਆਣਾ ਕੇਡਰ ਦੇ ਆਈਪੀਐਸ ਵਿਕਾਸ ਅਰੋੜਾ ਨਾਲ ਵਿਆਹ ਕੀਤਾ ਸੀ। ਭਾਰਤੀ ਅਰੋੜਾ ਪੁਲਿਸ ਸੇਵਾ (IPS) ਦੀ 1998 ਬੈਚ ਦੀ ਅਧਿਕਾਰੀ ਹੈ। 23 ਸਾਲਾਂ ਦੀ ਪੁਲਿਸ ਸੇਵਾ ਵਿੱਚ ਉਹ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਐਸਪੀ ਤੋਂ ਇਲਾਵਾ ਕਰਨਾਲ ਰੇਂਜ ਦੀ ਆਈਜੀ ਰਹਿ ਚੁੱਕੀ ਹੈ ਤੇ ਮੌਜੂਦਾ ਸਮੇਂ ਵਿੱਚ ਅੰਬਾਲਾ ਰੇਂਜ ਦੀ ਆਈਜੀ ਹੈ। ਉਨ੍ਹਾਂ ਦੀ ਰਿਟਾਇਰਮੈਂਟ ਸਾਲ 2031 ਵਿੱਚ ਹੋਣੀ ਸੀ ਪਰ ਉਨ੍ਹਾਂ ਨੇ 10 ਸਾਲ ਪਹਿਲਾਂ VRS ਲੈ ਲਈ ਹੈ।

ਉਨ੍ਹਾਂ ਦੇ ਪਤੀ IPS ਵਿਕਾਸ ਅਰੋੜਾ ਇਸ ਸਮੇਂ ਫਰੀਦਾਬਾਦ ਦੇ ਪੁਲਿਸ ਕਮਿਸ਼ਨਰ ਹਨ। ਭਾਰਤੀ ਅਰੋੜਾ ਰਾਏ ਸਪੋਰਟਸ ਸਕੂਲ ਦੀ ਪ੍ਰਿੰਸੀਪਲ ਵੀ ਰਹਿ ਚੁੱਕੀ ਹੈ, ਜਿੱਥੇ ਉਸ ਨੇ ਕਈ ਚੰਗੇ ਕੰਮ ਕੀਤੇ। ਭਾਰਤੀ ਅਰੋੜਾ 2004 ਤੋਂ ਵਰਿੰਦਾਵਨ ਜਾ ਰਹੀ ਹੈ। VRS ਲਈ ਪੰਜਾਬ ਦੇ ਡੀਜੀਪੀ ਨੂੰ 24 ਜੁਲਾਈ ਨੂੰ ਭੇਜੇ ਗਏ ਪੱਤਰ ਵਿੱਚ ਭਾਰਤੀ ਅਰੋੜਾ ਨੇ ਲਿਖਿਆ ਕਿ ਪੁਲਿਸ ਸੇਵਾ ਉਨ੍ਹਾਂ ਲਈ ਮਾਣ ਤੇ ਜਨੂੰਨ ਵਾਲੀ ਗੱਲ ਹੈ। ਹੁਣ ਉਹ ਆਪਣਾ ਜੀਵਨ ਧਾਰਮਿਕ ਤੌਰ 'ਤੇ ਬਿਤਾਉਣਾ ਚਾਹੁੰਦੀ ਹੈ।