ਚੰਡੀਗੜ੍ਹ: ਕੇਂਦਰ ਸਰਕਾਰ ਨੇ ਬੇਸ਼ੱਕ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਪਰ ਕਿਸਾਨ ਅੰਦੋਲਨ ਨਿੱਤ ਵਿਸ਼ਾਲ ਰੂਪ ਧਾਰਦਾ ਜਾ ਰਿਹਾ ਹੈ। ਹੁਣ ਇਸ ਅੰਦੋਲਨ ਦੀ ਚੰਗਾੜੀ ਵਿਦੇਸ਼ਾਂ ਤੱਕ ਪਹੁੰਚ ਗਈ ਹੈ। ਭਾਰਤ ਦੀ ਆਜ਼ਾਦੀ ਮਗਰੋਂ ਸ਼ੁਰੂ ਹੋਏ ਇਤਿਹਾਸਕ ਕਿਸਾਨ ਅੰਦੋਲਨ ਦਾ ਸਾਲ ਪੂਰੇ ਹੋਣ ਮੌਕੇ ਪਰਵਾਸੀ ਭਾਰਤੀਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਕਿਸਾਨ ਸੰਗਠਨਾਂ ਵੱਲੋਂ ਵੀ ਵਿਸ਼ਵ ਭਰ ਵਿੱਚ ‘ਏਕਤਾ ਸਮਾਗਮਾਂ’ ਦੀ ਯੋਜਨਾ ਬਣਾਈ ਗਈ ਹੈ।


ਲੰਡਨ ਵਿੱਚ ਅੱਜ ਭਾਰਤੀ ਹਾਈ ਕਮਿਸ਼ਨ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਕੈਨੇਡਾ ਦੇ ਵੈਨਕੂਵਰ ਤੋਂ ਇਲਾਵਾ ਸਰੀ ਵਿੱਚ ਵੀ ਸਲੀਪ-ਆਊਟ ਹੋਵੇਗਾ। ਫਰਾਂਸ ਦੇ ਸ਼ਹਿਰ ਪੈਰਿਸ ਵਿੱਚ 30 ਨਵੰਬਰ ਨੂੰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸੇ ਤਰ੍ਹਾਂ 4 ਦਸੰਬਰ ਨੂੰ ਕੈਲੀਫੋਰਨੀਆ ਵਿੱਚ ਕਾਰ ਰੈਲੀ ਤੇ ਨਿਊਯਾਰਕ ਸ਼ਹਿਰ ਵਿੱਚ ਮਾਰਚ ਕੱਢਿਆ ਜਾਵੇਗਾ। ਸਾਂ ਹੋਜ਼ੇ ਗੁਰਦੁਆਰੇ ’ਚ ਸ਼ਰਧਾਂਜਲੀ ਸਮਾਗਮ ਹੋਵੇਗਾ ਤੇ ਮੋਮਬੱਤੀਆਂ ਜਗਾਈਆਂ ਜਾਣਗੀਆਂ। ਨੀਦਰਲੈਂਡਜ਼ ਵਿੱਚ 5 ਦਸੰਬਰ ਤੇ 8 ਦਸੰਬਰ ਨੂੰ ਵੀਏਨਾ (ਆਸਟਰੀਆ) ਵਿੱਚ ਸਮਾਗਮ ਦੀ ਯੋਜਨਾ ਬਣਾਈ ਗਈ ਹੈ। ਆਸਟਰੇਲੀਆ ਦੇ ਨਾਲ-ਨਾਲ ਹੋਰ ਸ਼ਹਿਰਾਂ ’ਚ ਵੀ ਸਮਾਗਮ ਹੋਣਗੇ।


ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਭਾਰਤ ਹੀ ਨਹੀਂ ਸਗੋਂ ਦਨੀਆ ਭਰ ਦਾ ਕਿਸਾਨ ਸੰਕਟ ਵਿੱਚੋਂ ਲੰਘ ਰਿਹਾ ਹੈ। ਇਸ ਲਈ ਪੂਰੀ ਦੁਨੀਆ ਦੇ ਕਿਸਾਨ ਇੱਕਜੁੱਟ ਹੋਣ ਨਾਲ ਹੀ ਸਮੱਸਿਆ ਦਾ ਹੱਲ ਮਿਲੇਗਾ। ਉਧਰ, ਕਿਸਾਨ ਅੰਦੋਲਨ ਦਾ ਕੌਮਾਂਤਰੀ ਪੱਧਰ 'ਤੇ ਪਹੁੰਚਣ ਕਰਕੇ ਭਾਰਤ ਸਰਕਾਰ ਫਿਕਰਮੰਦ ਹੈ। ਸਰਕਾਰ ਕਹਿ ਰਹੀ ਹੈ ਕਿ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ। ਐਮਐਸਪੀ ਬਾਰੇ ਵੀ ਕਮੇਟੀ ਬਣਾ ਕੇ ਹੱਲ ਕੱਢਿਆ ਜਾ ਰਿਹਾ ਹੈ। ਇਸ ਲਈ ਹੁਣ ਕਿਸਾਨਾਂ ਦੇ ਅੰਦੋਲਨ ਦੀ ਕੋਈ ਤੁਕ ਨਹੀਂ।


ਦੂਜੇ ਪਾਸੇ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਲਈ ਦਿੱਲੀ ਦੇ ਬਾਰਡਰਾਂ ’ਤੇ ਡਟੇ ਕਿਸਾਨਾਂ ਦੇ ਅੰਦੋਲਨ ਦਾ ਇੱਕ ਵਰ੍ਹਾ ਮੁਕੰਮਲ ਹੋਣ ’ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਜ਼ੋਰਦਾਰ ਮੁਜ਼ਾਹਰੇ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਫ਼ੈਸਲੇ ਮਗਰੋਂ ਹਜ਼ਾਰਾਂ ਕਿਸਾਨ ਅੱਜ ਇਸ ਅੰਦੋਲਨ ਦੀ ਪਹਿਲੀ ਵਰ੍ਹੇਗੰਢ ਜਿੱਤ ਦੇ ਜਸ਼ਨ ਵਜੋਂ ਮਨਾ ਰਹੇ ਹਨ। ਇਨ੍ਹਾਂ ਮੋਰਚਿਆਂ ਉਪਰ ਹਜ਼ਾਰਾਂ ਕਿਸਾਨ ਇਕੱਠੇ ਹੋਏ ਹਨ ਤੇ ਉਹ ਆਜ਼ਾਦ ਭਾਰਤ ਵਿੱਚ ਚੱਲੇ ਸਭ ਤੋਂ ਲੰਬੇ ਕਿਸਾਨ ਅੰਦੋਲਨ ਦੇ ਗਵਾਹ ਬਣ ਰਹੇ ਹਨ।


ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਹੋਰ ਸੂਬਿਆਂ ਦੀਆਂ ਰਾਜਧਾਨੀਆਂ ਵਿੱਚ ਵਿਰੋਧ ਪ੍ਰਦਰਸ਼ਨਾਂ ਤੋਂ ਇਲਾਵਾ ਟਰੈਕਟਰ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ। ਉਧਰ ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਨੇ ਕਿਹਾ ਹੈ ਕਿ ਕਿਸੇ ਨੂੰ ਵੀ ਜਮਹੂਰੀ ਪ੍ਰਦਰਸ਼ਨਾਂ ’ਤੇ ਕੋਈ ਇਤਰਾਜ਼ ਨਹੀਂ ਪਰ ਕਿਸੇ ਵੀ ਹਾਲਤ ’ਚ ਕਾਨੂੰਨ ਵਿਵਸਥਾ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ।