ਚੰਡੀਗੜ੍ਹ: ਮੌਸਮ ਵਿਭਾਗ ਮੁਤਾਬਕ ਦੱਖਣੀ-ਪੱਛਮੀ ਮਾਨਸੂਨ ਦੱਖਣ ਰਾਜਸਥਾਨ, ਜੰਮੂ ਤੇ ਕਸ਼ਮੀਰ, ਹਰਿਆਣਾ ਤੇ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸਰਗਰਮ ਹੋ ਗਿਆ ਹੈ। ਪੱਛਮ ਬੰਗਾਲ, ਝਾਰਖੰਡ ਤੇ ਪੂਰਬੀ ਉੜੀਸਾ ਉੱਪਰ ਚੱਕਰਵਾਤੀ ਦਬਾਅ ਬਣਿਆ ਹੋਇਆ ਹੈ। ਇਸ ਦੌਰਾਨ ਕਰਨਾਟਕ ਵਿੱਚ ਭਾਰੀ ਬਾਰਸ਼ ਸਬੰਧੀ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਭਾਰਤੀ ਮੌਸਮ ਵਿਭਾਗ ਮੁਤਾਬਕ ਮਾਨਸੂਨ ਦਬਾਅ ਦਾ ਖੇਤਰ ਹਿਮਾਲਿਆ ਦੀ ਤਲਹਟੀ ਤੋਂ ਦੱਖਣ ਵੱਲ ਥੋੜ੍ਹਾ ਅੱਗੇ ਵਧ ਕੇ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੋਂ ਲੈ ਕੇ ਨਾਗਾਲੈਂਡ ਤੱਕ ਫੈਲਿਆ ਹੋਇਆ ਹੈ। ਇਸ ਨਾਲ ਦਿੱਲੀ-ਐਨਸੀਆਰ ਵਿੱਚ ਦਿਨ ਭਰ ਰੁਕ-ਰੁਕ ਕੇ ਮੀਂਹ ਪੈ ਸਕਦਾ ਹੈ।

ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼, ਤਾਮਿਲਨਾਡੂ ਤੇ ਕਰਨਾਟਕ ਦੇ ਅੰਦਰੂਨੀ ਹਿੱਸਿਆਂ, ਮਹਾਂਰਾਸ਼ਟਰ ਦੇ ਤਟੀ ਇਲਾਕੇ, ਗੋਆ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਉੜੀਸਾ ਵਿੱਚ ਤੇਜ਼ ਹਵਾਵਾਂ ਨਾਲ ਭਾਰੀ ਬਾਰਸ਼ ਹੋ ਸਕਦੀ ਹੈ। ਅਸਾਮ, ਮੇਘਾਲਿਆ, ਸਿੱਕਮ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਝਾਰਖੰਡ, ਹਿਮਾਚਲ ਪ੍ਰਦੇਸ਼ ਵਿੱਚ ਵੀ ਬਾਰਸ਼ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਤੇ ਇਸ ਦੇ ਆਲੇ ਦੁਆਲੇ ਘੱਟ ਦਬਾਅ ਹੋਣ ਕਾਰਨ ਚੱਕਰਵਾਤੀ ਹਾਲਾਤ ਬਣ ਰਹੇ ਹਨ ਜਿਸ ਨਾਲ ਇਨ੍ਹਾਂ ਖੇਤਰਾਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ। ਕਰਨਾਟਕ ਦੇ ਕੁਝ ਹਿੱਸਿਆਂ ਵਿੱਚ ਬੁੱਧਵਾਰ ਤੋਂ ਅਗਲੇ ਪੰਜ ਦਿਨਾਂ ਤਕ ਭਾਰੀ ਮੀਂਹ ਦੀ ਚੇਤਾਵਨੀ ਹੈ।