ਨਵੀਂ ਦਿੱਲੀ: ਮੌਸਮ ਖ਼ਰਾਬ ਹੋਣ ਕਰਕੇ ਮੁੰਬਈ ਤੋਂ ਦਿੱਲੀ ਜਾ ਰਹੇ ਵਿਸਤਾਰਾ ਏਅਰਲਾਈਨ ਦੇ ਇੱਕ ਜਹਾਜ਼ ਦੀ ਲਖਨਊ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਇਸ ਦੌਰਾਨ ਕਰੀਬ ਤਿੰਨ ਘੰਟੇ ਤਕ ਜਹਾਜ਼ ‘ਚ ਸਵਾਰ 153 ਯਾਤਰੀਆਂ ਦੀ ਜਾਨ ਮੁਸੀਬਤ ‘ਚ ਫਸੀ ਰਹੀ ਕਿਉਂਕਿ ਜਿਸ ਵੇਲੇ ਜਹਾਜ਼ ਨੂੰ ਏਅਰਪੋਰਟ ‘ਤੇ ਉਤਾਰਿਆ ਗਿਆ ਉਸ ‘ਚ ਸਿਰਫ ਪੰਜ ਮਿੰਟ ਦਾ ਫਿਊਲ ਬਚਿਆ ਸੀ।

ਈਂਧਨ ਦੀ ਸਥਿਤੀ ਗੰਭੀਰ ਹੋਣ ਕਰਕੇ, ਪਾਈਲਟਾਂ ਨੇ ‘ਫਿਊਲ ਮੇਡੇਅ” ਐਲਾਨਿਆ, ਜਿਸ ਨੇ ਏਅਰ ਟ੍ਰੈਫਿਕ ਕੰਟਰੋਲ ਨੂੰ ਉਸ ਦੀ ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਦਿੱਤਾ। ਏਅਰਲਾਈਨ ਨੇ ਇੱਕ ਬਿਆਨ ‘ਚ ਕਿਹਾ ਕਿ ਲਖਨਊ ਏਅਰਪੋਰਟ ‘ਤੇ ਅਚਾਨਕ ਵਿਜ਼ੀਬਿਲਟੀ ਘੱਟ ਹੋ ਗਈ ਸੀ। ਇਸ ਕਰਕੇ ਉੱਥੇ ਸੁਰੱਖਿਅਤ ਲੈਂਡਿੰਗ ਨਹੀਂ ਹੋ ਸਕੀ। ਪਾਈਲਟ ਟੀਮ ਨੇ ਕਾਨਪੁਰ ਤੇ ਪ੍ਰਯਾਗਰਾਜ ਸਣੇ ਦੂਜੀਆਂ ਥਾਂਵਾਂ ‘ਤੇ ਵੀ ਲੈਂਡਿੰਗ ਦੀ ਸੰਭਾਵਨਾ ਨੂੰ ਤਲਾਸ਼ ਕੀਤਾ ਸੀ।

ਏਅਰਲਾਈਨ ਨੇ ਆਪਣੇ ਬਿਆਨ ‘ਚ ਕਿਹਾ, “ਇਸ ਦੌਰਾਨ ਲਖਨਊ ਏਟੀਸੀ ਪਾਈਲਟ ਟੀਮ ਨੂੰ ਦੱਸਿਆ ਕਿ ਲਖਨਊ ਏਅਰਪੋਰਟ ‘ਤੇ ਮੌਸਮ ‘ਚ ਕਾਫੀ ਸੁਧਾਰ ਹੋ ਗਿਆ ਹੈ। ਇਸ ਤੋਂ ਬਾਅਦ ਪਾਇਲਟਾਂ ਨੇ ਜਹਾਜ਼ ਨੂੰ ਲਖਨਊ ਏਅਰਪੋਰਟ ‘ਤੇ ਉਤਾਰਣ ਦਾ ਫੈਸਲਾ ਕੀਤਾ। ਉਸ ਤੋਂ ਬਾਅਦ ਸ਼ਾਮ ਨੂੰ ਕਰੀਬ 6:47 ਵਜੇ ਜਹਾਜ਼ ਨੂੰ ਲੈਂਡ ਕੀਤਾ ਗਿਆ। ਜਿਸ ਸਮੇਂ ਫਲਾਈਟ ਲੈਂਡ ਹੋਈ ਉਸ ‘ਚ ਮਹਿਜ਼ 300 ਕਿਲੋਗ੍ਰਾਮ ਫਿਊਲ ਸੀ ਜੋ ਸਿਰਫ ਪੰਜ ਮਿੰਟ ਤਕ ਹੀ ਚੱਲਦਾ।”