Weather alert- ਦੇਸ਼ ਭਰ ਵਿਚ ਦੱਖਣ-ਪੱਛਮੀ ਮਾਨਸੂਨ ਦੀ ਗਤੀਵਿਧੀ ਵਿਚ ਕਮੀ ਆਈ ਹੈ। ਦੇਸ਼ ਦੇ ਮੈਦਾਨੀ ਹਿੱਸਿਆਂ 'ਚ ਵੀ ਮੀਂਹ ਕਾਫੀ ਘੱਟ ਗਿਆ ਹੈ। ਹੁਣ ਭਾਰਤੀ ਮੌਸਮ ਵਿਭਾਗ (IMD) ਨੇ ਇੱਕ ਤਾਜ਼ਾ ਅਲਰਟ ਜਾਰੀ ਕੀਤਾ ਹੈ। 


ਇਸ ਮੁਤਾਬਕ ਬੰਗਾਲ ਦੀ ਖਾੜੀ ਨਾਲ ਲੱਗਦੇ ਤੱਟੀ ਇਲਾਕਿਆਂ 'ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਈਐਮਡੀ ਦੇ ਵਿਗਿਆਨੀਆਂ ਨੇ ਕਿਹਾ ਕਿ ਬੰਗਾਲ ਦੀ ਖਾੜੀ ਵਿੱਚ ਮੌਸਮੀ ਗੜਬੜੀ ਤੇਜ਼ ਹੋ ਗਈ ਹੈ। ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਕਈ ਇਲਾਕਿਆਂ ਵਿੱਚ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ। 



ਖਾਸ ਤੌਰ 'ਤੇ ਪੱਛਮੀ ਬੰਗਾਲ ਅਤੇ ਓਡੀਸ਼ਾ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਦੋਵੇਂ ਰਾਜ ਬੰਗਾਲ ਦੀ ਖਾੜੀ ਨਾਲ ਲੱਗਦੇ ਹਨ। ਇਸ ਤੋਂ ਇਲਾਵਾ ਝਾਰਖੰਡ ਅਤੇ ਬਿਹਾਰ 'ਤੇ ਵੀ ਇਸ ਦਾ ਅਸਰ ਦੇਖਿਆ ਜਾ ਸਕਦਾ ਹੈ। ਦੱਸ ਦਈਏ ਕਿ ਬਿਹਾਰ ਦੇ ਕਈ ਜ਼ਿਲ੍ਹੇ ਇਨ੍ਹੀਂ ਦਿਨੀਂ ਭਿਆਨਕ ਹੜ੍ਹ ਦੀ ਲਪੇਟ ਵਿੱਚ ਹਨ।


 ਭਾਰੀ ਮੀਂਹ ਪੈਣ ਦੀ ਸੰਭਾਵਨਾ 
ਆਈਐਮਡੀ ਨੇ ਵੀਰਵਾਰ ਨੂੰ ਕਿਹਾ ਕਿ ਬੰਗਾਲ ਦੀ ਖਾੜੀ ਦੇ ਉੱਤਰੀ ਹਿੱਸੇ ਵਿੱਚ ਘੱਟ ਦਬਾਅ ਦਾ ਖੇਤਰ ਬਣਨ ਦੀ ਪੂਰੀ ਸੰਭਾਵਨਾ ਹੈ। ਸ਼ੁੱਕਰਵਾਰ (4 ਅਕਤੂਬਰ, 2024) ਨੂੰ ਮਜ਼ਬੂਤ ​​ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਕਾਰਨ ਪੱਛਮੀ ਬੰਗਾਲ ਦੇ ਵੱਖ-ਵੱਖ ਹਿੱਸਿਆਂ 'ਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਨੇ ਅੱਗੇ ਕਿਹਾ ਕਿ ਮੌਸਮ ਵਿੱਚ ਵਿਗਾੜ ਕਾਰਨ ਉਪ-ਹਿਮਾਲੀਅਨ ਖੇਤਰ ਵਿੱਚ ਪੈਂਦੇ ਜ਼ਿਲ੍ਹਿਆਂ ਵਿੱਚ ਬਹੁਤ ਭਾਰੀ ਮੀਂਹ ਪੈ ਸਕਦਾ ਹੈ। 


ਇਹ ਵੀ ਪੜ੍ਹੋ: ਇਜ਼ਰਾਈਲ-ਫਲਸਤੀਨ ਮੁੱਦੇ 'ਤੇ ਕੀ ਬੋਲੇ ਸੀ ਅਟਲ ਬਿਹਾਰੀ ਵਾਜਪਾਈ? ਆਖਰ 47 ਸਾਲਾਂ ਬਾਅਦ ਕਿਉਂ ਵਾਇਰਲ ਹੋ ਰਹੀ ਵੀਡੀਓ?


ਇਸੇ ਤਰ੍ਹਾਂ ਦੀ ਸਥਿਤੀ ਸ਼ਨੀਵਾਰ ਤੱਕ ਬਣੇ ਰਹਿਣ ਦੀ ਸੰਭਾਵਨਾ ਹੈ। ਆਈਐਮਡੀ ਦੇ ਅਲਰਟ ਦੇ ਅਨੁਸਾਰ 4 ਅਕਤੂਬਰ ਨੂੰ ਦੱਖਣੀ ਬੰਗਾਲ ਵਿੱਚ ਪੈਂਦੇ ਜ਼ਿਲ੍ਹਿਆਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਇਸ ਖੇਤਰ 'ਚ ਪਿਛਲੇ ਕੁਝ ਦਿਨਾਂ ਤੋਂ ਮੀਂਹ ਦਾ ਸਿਲਸਿਲਾ ਰੁਕ ਗਿਆ ਸੀ, ਜਿਸ ਦੇ ਇਕ ਵਾਰ ਫਿਰ ਤੇਜ਼ ਹੋਣ ਦੀ ਸੰਭਾਵਨਾ ਵਧ ਗਈ ਹੈ।



ਜ਼ਮੀਨ ਖਿਸਕਣ ਦੀ ਚਿਤਾਵਨੀ
ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿੱਚ ਜ਼ਮੀਨ ਖਿਸਕਣ ਨੂੰ ਲੈ ਕੇ ਅਲਰਟ ਵੀ ਜਾਰੀ ਕੀਤਾ ਗਿਆ ਹੈ। ਆਈਐਮਡੀ ਨੇ ਪਹਾੜੀ ਜ਼ਿਲ੍ਹਿਆਂ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਤੇਜ਼ ਬਾਰਸ਼ ਕਾਰਨ ਪੱਛਮੀ ਬੰਗਾਲ ਦੇ ਦਾਰਜੀਲਿੰਗ ਅਤੇ ਕਲਿਮਪੋਂਗ ਦੇ ਪਹਾੜੀ ਜ਼ਿਲ੍ਹਿਆਂ ਵਿੱਚ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ। ਅਜਿਹੇ 'ਚ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਵਿਸ਼ੇਸ਼ ਚਿਤਾਵਨੀ ਜਾਰੀ ਕੀਤੀ ਗਈ ਹੈ, ਤਾਂ ਜੋ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ। ਆਈਐਮਡੀ ਨੇ ਸਥਾਨਕ ਲੋਕਾਂ ਦੇ ਨਾਲ-ਨਾਲ ਪ੍ਰਸ਼ਾਸਨ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਹੈ।


ਇਹ ਵੀ ਪੜ੍ਹੋ: ਵਿਸ਼ਵ ਜੰਗ ਦਾ ਖਤਰਾ! ਸੁਪਰੀਮ ਲੀਡਰ ਵੱਲੋਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਦਾ ਸੱਦਾ


50 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ
ਬੰਗਾਲ ਦੀ ਖਾੜੀ 'ਚ ਵਧਦੀ ਹਲਚਲ ਕਾਰਨ ਹਵਾ ਦੀ ਰਫਤਾਰ ਆਮ ਨਾਲੋਂ ਤੇਜ਼ ਰਹਿਣ ਦੀ ਸੰਭਾਵਨਾ ਹੈ। ਉੱਤਰੀ ਬੰਗਾਲ ਦੀ ਖਾੜੀ 'ਚ 40 ਤੋਂ 50 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ। ਇਸ ਕਾਰਨ ਪੱਛਮੀ ਬੰਗਾਲ ਅਤੇ ਬੰਗਲਾਦੇਸ਼ ਦੇ ਤੱਟਵਰਤੀ ਖੇਤਰ ਖਾਸ ਤੌਰ 'ਤੇ ਪ੍ਰਭਾਵਿਤ ਹੋ ਸਕਦੇ ਹਨ। ਮੌਸਮੀ ਹਾਲਾਤ ਦੇ ਮੱਦੇਨਜ਼ਰ ਮਛੇਰਿਆਂ ਨੂੰ ਸ਼ਨੀਵਾਰ ਤੱਕ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।