Israel-Lebanon: ਇਸਰਾਈਲ-ਫਲਸਤੀਨ ਦੀ ਜੰਗ ਪੂਰੀ ਦੁਨੀਆਂ ਨੂੰ ਲਪੇਟੇ ਵਿੱਚ ਲੈ ਰਹੀ ਹੈ। ਇਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਇਕਜੁੱਟ ਹੋਣ ਲਈ ਕਿਹਾ ਹੈ। ਫਲਸਤੀਨ ਤੋਂ ਬਾਅਦ ਇਸਰਾਈਲ ਲਿਬਨਾਨ ਤੇ ਇਰਾਨ ਉਪਰ ਵੀ ਹਮਲੇ ਕਰ ਰਿਹਾ ਹੈ। ਇਸ ਨਾਲ ਮੁਸਲਮਾਨ ਦੇਸ਼ਾਂ ਅੰਦਰ ਰੋਹ ਵਧ ਗਿਆ ਹੈ। ਇਸ ਲਈ ਵਿਸ਼ਵ ਜੰਗ ਲੱਗਣ ਦਾ ਖਤਰਾ ਵਧ ਗਿਆ ਹੈ।
ਇਰਾਨ ਦੇ ਸੁਪਰੀਮ ਲੀਡਰ ਅਲੀ ਖਮੇਨੀ ਨੇ ਤਹਿਰਾਨ ਦੀ ਗ੍ਰੈਂਡ ਮਸਜਿਦ ਵਿੱਚ ਭਾਸ਼ਣ ਦਿੰਦਿਆਂ ਕਿਹਾ ਕਿ ਪੂਰੀ ਦੁਨੀਆ ਦੇ ਮੁਸਲਮਾਨਾਂ ਦੇ ਇੱਕਜੁੱਟ ਹੋਣ ਦਾ ਵੇਲਾ ਆ ਗਿਆ ਹੈ। ਮਸਜਿਦ ਵਿੱਚ ਹਿਜ਼ਬੁੱਲਾ ਚੀਫ਼ ਨਸਰੁੱਲਾ ਦੀ ਯਾਦ ਵਿੱਚ ਕਰਵਾਏ ਪ੍ਰੋਗਰਾਮ ਦਾਰੀਾਨ ਖਮੇਨੀ ਨੂੰ ਸੁਣਨ ਲਈ ਹਜ਼ਾਰਾਂ ਲੋਕ ਪਹੁੰਚੇ।
ਦੱਸ ਦਈਏ ਕਿ ਖਾਮੇਨੀ ਨੇ ਆਖਰੀ ਵਾਰ ਜਨਵਰੀ 2020 ਵਿੱਚ ਰੈਵੋਲਿਊਸ਼ਨਰੀ ਗਾਰਡਜ਼ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਜੁੰਮੇ ਦੀ ਨਮਾਜ਼ ਦੀ ਅਗਵਾਈ ਕੀਤੀ ਸੀ। ਨਸਰੁੱਲਾ ਦੀ ਮੌਤ ਤੋਂ ਬਾਅਦ ਖਮੇਨੀ ਨੂੰ ਇੱਕ ਗੁਪਤ ਸਥਾਨ 'ਤੇ ਲਿਜਾਇਆ ਗਿਆ ਸੀ। ਇਸ ਤੋਂ ਬਾਅਦ ਉਹ ਪਹਿਲੀ ਵਾਰ ਜਨਤਕ ਤੌਰ 'ਤੇ ਨਜ਼ਰ ਆਏ ਹਨ।
ਅੱਜ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਨੂੰ ਸਪੁਰਦ-ਏ-ਖਾਕ ਕੀਤਾ ਜਾਵੇਗਾ। ਇਹ ਪ੍ਰੋਗਰਾਮ ਕਿੱਥੇ ਹੋਵੇਗਾ, ਇਸ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ। ਉਧਰ, ਲਿਬਨਾਨ 'ਤੇ ਇਜ਼ਰਾਈਲ ਦਾ ਹਮਲਾ ਜਾਰੀ ਹੈ। ਲਿਬਨਾਨ ਵਿੱਚ ਪੇਜਰ ਹਮਲੇ ਤੋਂ ਬਾਅਦ ਮਿਜ਼ਾਈਲ ਹਮਲਿਆਂ ਵਿੱਚ 1300 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐਫ) ਨੇ ਕਿਹਾ ਕਿ ਹਿਜ਼ਬੁੱਲਾ ਨੇ ਵੀਰਵਾਰ ਨੂੰ ਲਗਪਗ 230 ਮਿਜ਼ਾਈਲ ਹਮਲੇ ਕੀਤੇ। ਇਸ ਵਿੱਚ ਇਜ਼ਰਾਈਲ ਦਾ ਕੋਈ ਨੁਕਸਾਨ ਨਹੀਂ ਹੋਇਆ। ਅੱਜ ਵੀ ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 20 ਤੋਂ ਵੱਧ ਮਿਜ਼ਾਈਲਾਂ ਦਾਗੀਆਂ।
3 ਲੱਖ ਲੋਕ ਲਿਬਨਾਨ ਤੋਂ ਭੱਜ ਕੇ ਸੀਰੀਆ ਪਹੁੰਚੇ
ਜਦੋਂ ਤੋਂ ਲਿਬਨਾਨ ਵਿੱਚ ਇਜ਼ਰਾਈਲੀ ਹਮਲੇ ਵਧੇ ਹਨ, ਲਗਪਗ 3 ਲੱਖ ਲੋਕ ਸੀਰੀਆ ਭੱਜ ਗਏ ਹਨ। ਲਿਬਨਾਨੀ ਸਰਕਾਰ ਮੁਤਾਬਕ ਹੁਣ ਤੱਕ 12 ਲੱਖ ਤੋਂ ਵੱਧ ਲੋਕ ਦੇਸ਼ ਛੱਡ ਚੁੱਕੇ ਹਨ। ਇਜ਼ਰਾਈਲ ਦੇ ਹਮਲੇ ਵਧਣ ਨਾਲ ਇਹ ਅੰਕੜੇ ਵੀ ਵਧ ਰਹੇ ਹਨ। ਉਧਰ, ਇਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਕਚੀ ਰਾਜਧਾਨੀ ਬੇਰੂਤ ਪਹੁੰਚ ਗਏ ਹਨ। ਟਾਈਮਜ਼ ਆਫ ਇਜ਼ਰਾਈਲ ਮੁਤਾਬਕ ਪਿਛਲੇ ਹਫਤੇ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਦੀ ਹੱਤਿਆ ਤੋਂ ਬਾਅਦ ਕਿਸੇ ਚੋਟੀ ਦੇ ਇਰਾਨੀ ਨੇਤਾ ਦੀ ਇਹ ਪਹਿਲੀ ਅਧਿਕਾਰਤ ਯਾਤਰਾ ਹੈ। ਅਰਕਚੀ ਲਿਬਨਾਨ ਦੇ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਤੇ ਸੰਸਦ ਦੇ ਸਪੀਕਰ ਨਬੀਹ ਬੇਰੀ ਨਾਲ ਮੁਲਾਕਾਤ ਕਰਨਗੇ।
ਇਜ਼ਰਾਈਲ 'ਤੇ 230 ਮਿਜ਼ਾਈਲ ਹਮਲੇ
IDF ਨੇ ਕਿਹਾ ਕਿ ਹਿਜ਼ਬੁੱਲਾ ਨੇ ਵੀਰਵਾਰ ਨੂੰ ਇਜ਼ਰਾਈਲ 'ਤੇ ਲਗਪਗ 230 ਮਿਜ਼ਾਈਲ ਹਮਲੇ ਕੀਤੇ। ਇਸ ਵਿੱਚ ਇਜ਼ਰਾਈਲ ਦਾ ਕੋਈ ਨੁਕਸਾਨ ਨਹੀਂ ਹੋਇਆ। ਇਜ਼ਰਾਈਲ ਨੇ ਵੈਸਟਰਨ ਬੈਂਕ ਦੇ ਤੁਲਕਾਰਮ ਸ਼ਹਿਰ ਵਿੱਚ ਇੱਕ ਸ਼ਰਨਾਰਥੀ ਕੈਂਪ 'ਤੇ ਹਵਾਈ ਹਮਲੇ ਕੀਤੇ। ਇਸ 'ਚ 18 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖਮੀ ਹੋ ਗਏ। ਨਿਊਜ਼ ਏਜੰਸੀ ਏਐਫਪੀ ਮੁਤਾਬਕ ਇਹ ਹਮਲੇ ਐਫ-16 ਲੜਾਕੂ ਜਹਾਜ਼ਾਂ ਤੋਂ ਕੀਤੇ ਗਏ।
ਲਿਬਨਾਨ ਵਿੱਚ 28 ਸਿਹਤ ਕਰਮਚਾਰੀਆਂ ਦੀ ਮੌਤ
ਵਿਸ਼ਵ ਸਿਹਤ ਸੰਗਠਨ (WHO) ਅਨੁਸਾਰ ਵੀਰਵਾਰ ਨੂੰ ਲਿਬਨਾਨ ਵਿੱਚ 28 ਸਿਹਤ ਕਰਮਚਾਰੀਆਂ ਦੀ ਮੌਤ ਹੋ ਗਈ। ਡਬਲਯੂਐਚਓ ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਨੇ ਕਿਹਾ ਕਿ ਦੱਖਣੀ ਲਿਬਨਾਨ ਵਿੱਚ ਸਿਹਤ ਕਰਮਚਾਰੀਆਂ ਉੱਤੇ ਹਮਲੇ ਹੋ ਰਹੇ ਹਨ। ਹੁਣ ਤੱਕ 37 ਸਿਹਤ ਸਹੂਲਤਾਂ ਬੰਦ ਹੋ ਚੁੱਕੀਆਂ ਹਨ।
ਉਨ੍ਹਾਂ ਕਿਹਾ ਕਿ ਬੇਰੂਤ ਹਵਾਈ ਅੱਡੇ ਦੇ ਬੰਦ ਹੋਣ ਨਾਲ ਮੈਡੀਕਲ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਬਹੁਤ ਸਾਰੇ ਹਸਪਤਾਲ ਕੰਮ ਕਰ ਰਹੇ ਹਨ ਪਰ ਲਗਾਤਾਰ ਹਮਲਿਆਂ ਕਾਰਨ ਉਹ ਬੰਦ ਹੋ ਸਕਦੇ ਹਨ। ਲਿਬਨਾਨ ਦੇ ਸਿਹਤ ਮੰਤਰੀ ਨੇ ਕਿਹਾ ਕਿ ਪਿਛਲੇ ਤਿੰਨ ਦਿਨਾਂ ਵਿੱਚ 40 ਐਂਬੂਲੈਂਸ ਤੇ ਫਾਇਰਫਾਈਟਰਜ਼ ਮਾਰੇ ਗਏ ਹਨ।
ਇਜ਼ਰਾਇਲੀ ਹਮਲੇ 'ਚ ਇੱਕ ਦਿਨ ਵਿੱਚ 99 ਲੋਕਾਂ ਦੀ ਮੌਤ
ਗਾਜ਼ਾ ਦੇ ਸਿਹਤ ਮੰਤਰਾਲੇ ਮੁਤਾਬਕ ਵੀਰਵਾਰ ਨੂੰ ਇਜ਼ਰਾਇਲੀ ਹਮਲੇ 'ਚ 99 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 169 ਲੋਕ ਜ਼ਖਮੀ ਹੋਏ। ਗਾਜ਼ਾ ਵਿੱਚ 7 ਅਕਤੂਬਰ ਤੋਂ ਹੁਣ ਤੱਕ ਕੁੱਲ ਮਰਨ ਵਾਲਿਆਂ ਦੀ ਗਿਣਤੀ 41,788 ਹੋ ਗਈ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।