111 ਸਾਲ ਪਹਿਲਾਂ ਜਨਮੇ ਭਗਤ ਸਿੰਘ 'ਚ ਇੰਝ ਚਮਕੀ ਦੇਸ਼ ਪਿਆਰ ਦੀ ਚਿਣਗ
ਏਬੀਪੀ ਸਾਂਝਾ | 27 Sep 2018 01:32 PM (IST)
ਚੰਡੀਗੜ੍ਹ: ਭਾਰਤ ਦੀ ਆਜ਼ਾਦੀ ਦੀ ਜੰਗ ਦੇ ਪ੍ਰਸਿੱਧ ਕ੍ਰਾਂਤੀਕਾਰੀ ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਕਿਸ਼ਨ ਸਿੰਘ ਦੇ ਘਰ ਵਿਦਿਆਵਤੀ (ਪੰਜਾਬ ਕੌਰ) ਦੀ ਕੁੱਖੋਂ ਹੋਇਆ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ (ਜ਼ਿਲ੍ਹਾ ਨਵਾਂਸ਼ਹਿਰ) ਸੀ, ਪਰ ਇਹ ਪਰਿਵਾਰ ਇੱਥੋਂ ਲਾਇਲਪੁਰ ਦੇ ਬਾਰ ਇਲਾਕੇ ਵਿੱਚ ਜਾ ਵਸਿਆ ਸੀ। ਅੱਜ ਉਸ ਦੇ ਜਨਮ ਦਿਨ 'ਤੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕਿੰਨਾ ਘਟਨਾਵਾਂ ਨੇ ਉਸ ਨੂੰ ਹੱਸਦੇ-ਹੱਸਦੇ ਦੇਸ਼ ਤੋਂ ਜਾਨ ਵਾਰਨ ਲਈ ਪ੍ਰੇਰਿਤ ਕੀਤਾ। ਪਰਿਵਾਰ ਤੋਂ ਲੱਗੀ ਦੇਸ਼ ਪ੍ਰੇਮ ਦੀ ਜਾਗ- ਭਗਤ ਸਿੰਘ ਦਾ ਦਾਦਾ ਅਰਜਨ ਸਿੰਘ ਤੇ ਦਾਦੀ ਜੈ ਕੌਰ ਬੜੀ ਤਿਆਗ ਦੀ ਭਾਵਨਾ ਵਾਲੇ ਦੇਸ਼ ਭਗਤ ਸਨ। ਦੋਵਾਂ ਨੇ ਸ਼ੁਰੂ ਤੋਂ ਹੀ ਆਪਣੇ ਪੁੱਤਰਾਂ ਤੇ ਪੋਤਿਆਂ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਕੀਤਾ। ਉਨ੍ਹਾਂ ਦੀ ਪ੍ਰੇਰਨਾ ਸਦਕਾ ਉਨ੍ਹਾਂ ਦਾ ਛੋਟਾ ਪੁੱਤਰ ਅਜੀਤ ਸਿੰਘ (ਭਗਤ ਸਿੰਘ ਦੇ ਚਾਚਾ) ਵੀ ਦੇਸ਼ ਭਗਤ ਸੀ। ਪਰਿਵਾਰਕ ਸੰਸਕਾਰਾਂ ਤੇ ਪੰਜਾਬ 'ਚ ਵਾਪਰੀਆਂ ਜੱਲ੍ਹਿਆਂਵਾਲਾ ਬਾਗ਼ ਸਮੇਤ ਕਈ ਹਿੰਸਕ ਘਟਨਾਵਾਂ ਕਰਕੇ 14 ਵਰ੍ਹਿਆਂ ਦੀ ਉਮਰ ਵਿੱਚ ਹੀ ਭਗਤ ਸਿੰਘ ਕ੍ਰਾਂਤੀਕਾਰੀ ਸੰਸਥਾਵਾਂ ਤੇ ਬਾਗ਼ੀ ਰੁਚੀ ਵਾਲੇ ਜੁਝਾਰੂਆਂ ਦੇ ਸੰਪਰਕ ਵਿਚ ਆਉਣ ਲੱਗਾ। ਭਗਤ ਸਿੰਘ ਦਾ ਵਿਆਹ ਤੋਂ ਇਨਕਾਰ- 1923 ਈ. ਵਿੱਚ ਇੰਟਰ ਮਿਡੀਏਟ ਪ੍ਰੀਖਿਆ ਪਾਸ ਕਰਨ 'ਤੇ ਜਦੋਂ ਪਰਿਵਾਰ ਨੇ ਭਗਤ ਸਿੰਘ ਦੇ ਵਿਆਹ ਦੀ ਯੋਜਨਾ ਬਣਾਈ, ਤਾਂ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਆਪਣੇ ਮਿੱਤਰ ਭਗਵਤੀ ਚਰਨ ਦੇ ਸਹਿਯੋਗ ਨਾਲ ਲਾਹੌਰ ਤੋਂ ਕਾਨਪੁਰ ਪਹੁੰਚਿਆ ਤੇ ਗਣੇਸ਼ ਸ਼ੰਕਰ ਨਾਲ ਪ੍ਰੈੱਸ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕ੍ਰਾਂਤੀਕਾਰੀ ਰੁਚੀਆਂ ਦੇ ਨਾਲ-ਨਾਲ ਭਗਤ ਸਿੰਘ ਪੱਤਰਕਾਰੀ ਵਿੱਚ ਵੀ ਆਪਣਾ ਯੋਗਦਾਨ ਪਾਉਂਦਾ ਰਿਹਾ। ਭਗਤ ਸਿੰਘ ਦੀ ਪਹਿਲੀ ਗ੍ਰਿਫ਼ਤਾਰੀ- ਇਸ ਮਾਧਿਅਮ ਰਾਹੀਂ ਲੋਕਾਂ ਨੂੰ ਆਪਣੇ ਵਿਚਾਰਾਂ ਤੋਂ ਜਾਣੂ ਕਰਵਾਉਂਦਾ ਰਿਹਾ। ਮਾਤਾ-ਪਿਤਾ ਵੱਲੋਂ ਉਸ ਦੇ ਵਿਆਹ ਦੇ ਤਕਾਜ਼ੇ ਖ਼ਤਮ ਹੋਣ ਮਗਰੋਂ 1925 ਈ. ਵਿੱਚ ਲਾਹੌਰ ਪਰਤ ਆਇਆ। ਉਸ ਨੇ ਜੈਤੋ ਦੇ ਮੋਰਚੇ ਵਿੱਚ ਕੁਝ ਰੁਚੀ ਲਈ। ਮਾਰਚ 1926 ਵਿੱਚ ਭਗਤ ਸਿੰਘ ਨੇ ‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਕੀਤੀ ਤੇ ਉਸ ਦਾ ਸਕੱਤਰ ਬਣਿਆ। ਸੰਨ 1926 ਵਿੱਚ ਲਾਹੌਰ ਦੇ ਰਾਮਲੀਲਾ ਮੇਲੇ ਵਿੱਚ ਬੰਬ ਸੁੱਟਣ ਦੇ ਜੁਰਮ ਵਿੱਚ ਫੜਿਆ ਗਿਆ, ਪਰ ਇਹ ਜੁਰਮ ਝੂਠਾ ਸਾਬਤ ਹੋਇਆ। ਸਾਈਮਨ ਕਮਿਸ਼ਨ ਦੇ ਵਿਰੋਧ ਮਗਰੋਂ ਵੱਡੀਆਂ ਘਟਨਾਵਾਂ- ਸੰਨ 1928 ਵਿੱਚ ਸਾਈਮਨ ਕਮਿਸ਼ਨ ਭਾਰਤ ਆਇਆ। ਕਾਂਗਰਸ ਨੇ ਇਸ ਦਾ ਬਾਈਕਾਟ ਕੀਤਾ ਤੇ ਹਰ ਪਾਸੇ ‘ਸਾਈਮਨ ਕਮਿਸ਼ਨ ਗੋ ਬੈਕ’ ਦੇ ਨਾਅਰੇ ਲੱਗਣ ਲੱਗੇ। 30 ਅਕਤੂਬਰ, 1928 ਨੂੰ ਜਦ ਇਹ ਕਮਿਸ਼ਨ ਲਾਹੌਰ ਆਇਆ ਤਾਂ ਲਾਲਾ ਲਾਜਪਤ ਰਾਏ ਦੀ ਅਗਵਾਈ ਵਿੱਚ ਵੱਡਾ ਜਲੂਸ ਕੱਢਿਆ ਗਿਆ। ਭੀੜ ਨੂੰ ਖਿੰਡਾਉਣ ਲਈ ਪੁਲਿਸ ਨੇ ਲਾਠੀਚਾਰਜ ਕੀਤਾ, ਜਿਸ ਦੌਰਾਨ ਲਾਲਾ ਜੀ ਵੀ ਜ਼ਖ਼ਮੀ ਹੋ ਗਏ ਤੇ 17 ਨਵੰਬਰ ਨੂੰ ਚਲਾਣਾ ਕਰ ਗਏ। ਲਾਲਾ ਲਾਜਪਤ ਰਾਏ ਦੇ ਕਤਲ ਦਾ ਬਦਲਾ ਲੈਣ ਲਈ 15 ਦਸੰਬਰ, 1928 ਨੂੰ ਭਗਤ ਸਿੰਘ ਆਪਣੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਨਾਲ ਮਿਲ ਕੇ ਪੁਲਿਸ ਕਪਤਾਨ ਸਕਾਟ ਨੂੰ ਮਾਰਨ ਲਈ ਉਸ ਦੇ ਦਫ਼ਤਰ ਦੇ ਬਾਹਰ ਘਾਤ ਲਾ ਕੇ ਬੈਠ ਗਿਆ। ਸਕਾਟ ਦੇ ਭੁਲੇਖੇ ਉਨ੍ਹਾਂ ਸਹਾਇਕ ਪੁਲਿਸ ਕਪਤਾਨ ਸਾਂਡਰਸ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ। ਇਸ ਤੋਂ ਬਾਅਦ ਤਿੰਨੇ ਭੇਸ ਬਦਲ ਕੇ ਲਾਹੌਰ ਤੋਂ ਕਲਕੱਤਾ ਵੱਲ ਨਿਕਲ ਗਏ। ਅਸੈਂਬਲੀ ਬੰਬ ਕਾਂਡ ਮਗਰੋਂ ਭਗਤ ਸਿੰਘ ਬਣਿਆ ਹਰ ਭਾਰਤੀ ਦਾ ਰੋਲ ਮਾਡਲ- 8 ਅਪ੍ਰੈਲ, 1929 ਨੂੰ ਸੈਂਟ੍ਰਲ ਅਸੈਂਬਲੀ ਹਾਲ ਵਿੱਚ ਬਾਗ਼ੀਆਂ ਨੂੰ ਨੱਥ ਪਾਉਣ ਲਈ ਅੰਗ੍ਰੇਜ਼ ਹਕੂਮਤ ਨੇ ਪਬਲਿਕ ਸੇਫਟੀ ਐਕਟ ਬਿਲ ਪੇਸ਼ ਕਰਨਾ ਸੀ। ਭਗਤ ਸਿੰਘ ਨੇ ਇਸ ਬਿਲ ਦਾ ਵਿਰੋਧ ਕਰਨ ਲਈ ਬਟੁਕੇਸ਼ਵਰ ਦੱਤ ਨਾਲ ਲੈ ਕੇ ਵਿਜ਼ਟਰ ਗੈਲਰੀ ਵਿੱਚ ਪਹੁੰਚਿਆ ਤੇ ਬੰਬ ਸੁੱਟਣ 'ਚ ਸਫਲ ਹੋ ਗਿਆ। ਪਰ ਉਥੇ ਦੋਵੇਂ ਮੌਕੇ 'ਤੇ ਫੜ ਲਏ ਗਏ ਤੇ ਇਸ ਬੰਬ ਕੇਸ ਵਿਚ ਵੀਹ-ਵੀਹ ਸਾਲ ਦੀ ਸਜ਼ਾ ਹੋਈ। ਇਸ ਕੇਸ ਦੇ ਨਾਲ ਹੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਿਰੁੱਧ ਸਾਂਡਰਸ ਕਤਲ ਕਾਂਡ ਕੇਸ ਚੱਲਿਆ। ਭਗਤ ਸਿੰਘ ਨੇ ਆਪਣਾ ਕੇਸ ਬੜੇ ਸੁਚੱਜੇ ਢੰਗ ਨਾਲ ਖ਼ੁਦ ਲੜਿਆ। 7 ਅਕਤੂਬਰ, 1930 ਈ. ਨੂੰ ਇਨ੍ਹਾਂ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਦੇਸ਼ ਦੇ ਕ੍ਰਾਂਤੀਕਾਰੀ ਨੌਜਵਾਨਾਂ ਨੂੰ ਇੰਨੀ ਵੱਡੀ ਸਜ਼ਾ ਸੁਣ ਕੇ ਸਾਰਾ ਦੇਸ਼ ਸੋਗ ਵਿੱਚ ਡੁੱਬ ਗਿਆ। ਇਨ੍ਹਾਂ ਦੀ ਜਾਨ ਬਚਾਉਣ ਲਈ ਕਈ ਉੱਦਮ ਕੀਤੇ ਗਏ, ਪਰ ਸਰਕਾਰ ਨੇ ਸਾਰੀਆਂ ਅਪੀਲਾਂ ਠੁਕਰਾ ਕੇ 23 ਮਾਰਚ, 1931 ਨੂੰ ਤਿੰਨਾਂ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਕੇ ਚੁੱਪ-ਚੁਪੀਤੇ ਇਨ੍ਹਾਂ ਦੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਫ਼ਿਰੋਜ਼ਪੁਰ ਨੇੜੇ ਹੁਸੈਨੀਵਾਲਾ ਵਿੱਚ ਕਰ ਦਿੱਤਾ। 'ਇਨਕਲਾਬ-ਜ਼ਿੰਦਾਬਾਦ' ਦਾ ਨਾਅਰਾ ਕੀਤਾ ਬੁਲੰਦ- ਭਗਤ ਸਿੰਘ ਨੇ ਫਾਂਸੀ ਤੋਂ ਪਹਿਲਾਂ ਜੇਲ੍ਹ ਵਿੱਚੋਂ ਹੀ ਦੇਸ਼ ਦੇ ਨੌਜਵਾਨਾਂ ਨੂੰ ਕਈ ਕ੍ਰਾਂਤੀਕਾਰੀ ਸੰਦੇਸ਼ ਦਿੱਤੇ। ਭਗਤ ਸਿੰਘ ਨੇ ਆਪਣੀ ਜੇਲ੍ਹ ਨੋਟਬੁੱਕ ਨੂੰ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਉਹ ਕਿੰਨੀ ਛੋਟੀ ਉਮਰੇ ਕਿੰਨੇ ਵੱਡੇ ਵਿਚਾਰਾਂ ਦਾ ਧਾਰਨੀ ਸੀ। ਉਸ ਨੂੰ ਕਿਤਾਬਾਂ ਪੜ੍ਹਨ ਦਾ ਬੇਹੱਦ ਸ਼ੌਕ ਸੀ। ਆਪਣੇ ਅੰਤਲੇ ਸਮੇਂ ਵਿੱਚ ਉਸ ਨੇ ਪ੍ਰਸਿੱਧ ਰੂਸੀ ਕ੍ਰਾਂਤੀਕਾਰੀ ਵਲਾਦੀਮੀਰ ਲੈਨਿਨ ਦੀ ਕਿਤਾਬ 'ਰੈਵੋਲਿਊਸ਼ਨਰੀ ਲੈਨਿਨ' ਮੰਗਵਾਈ ਸੀ। ਉਨ੍ਹਾਂ ਦੇ ਵਕੀਲ ਪ੍ਰਾਣਨਾਥ ਮਹਿਤਾ ਇੱਕ ਦਿਨ ਜੇਲ੍ਹ ਵਿੱਚ ਪੁੱਜੇ ਤੇ ਭਗਤ ਸਿੰਘ ਨੂੰ ਇਹ ਕਿਤਾਬ ਦਿੱਤੀ। ਮਹਿਤਾ ਨੇ ਪੁੱਛਿਆ ਕਿ ਤੁਸੀਂ ਦੇਸ਼ ਦੇ ਨਾਂਅ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤਾਂ ਭਗਤ ਸਿੰਘ ਨੇ ਜਵਾਬ ਦਿੱਤਾ,"ਸਿਰਫ਼ ਦੋ ਸੰਦੇਸ਼- ਸਾਮਰਾਜਵਾਦ ਮੁਰਦਾਬਾਦ ਤੇ ਇਨਕਲਾਬ ਜ਼ਿੰਦਾਬਾਦ। ਸਜ਼ਾ ਭੁਗਤਣ ਸਮੇਂ ਵੀ ਭਗਤ ਸਿੰਘ ਨੇ ਆਪਣੇ ਦੋਵੇਂ ਸਾਥੀਆਂ ਨਾਲ ਆਜ਼ਾਦੀ ਦੇ ਗੀਤ ਗਾਉਂਦੇ ਫਾਂਸੀ ਮੱਥੇ ਚੁੰਮਿਆ ਤੇ ਮੌਤ ਲਾੜੀ ਨੂੰ ਪਰਨਾ ਕੇ ਸਥਾਈ ਸੁਖ ਨੂੰ ਪ੍ਰਾਪਤ ਕਰ ਲਿਆ।