ਸੰਯੁਕਤ ਰਾਸ਼ਟਰ: ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕੌਮਾਂਤਰੀ ਸੌਰ ਗਠਜੋੜ ਦੀ ਅਗਵਾਈ ਤੇ 2022 ਤਕ ਭਾਰਤ ਨੂੰ ਪਲਾਸਟਿਕ ਮੁਕਤ ਕਰਨ ਦੇ ਟੀਚੇ ਕਾਰਨ ਸੰਯੁਕਤ ਰਾਸ਼ਟਰ ਦੇ ਸਰਵਉੱਚ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਪੰਜ ਹੋਰ ਵਿਅਕਤੀਆਂ ਤੇ ਸੰਗਠਨਾਂ ਨੂੰ ਵੀ ਦਿੱਤਾ ਜਾਵੇਗਾ।
ਦੁਨੀਆ ਦੀਆਂ ਛੇ ਹਸਤੀਆਂ ਨੂੰ ਵਾਤਾਵਰਣ ਦੇ ਖੇਤਰ ਵਿੱਚ ਜ਼ਿਕਰਯੋਗ ਕਦਮ ਚੁੱਕਣ ਲਈ ਸੰਯੁਕਤ ਰਾਸ਼ਟਰ ਦੇ ਸਰਵਉੱਚ ਸਨਮਾਨ 'ਚੈਂਪੀਅਨਜ਼ ਆਫ਼ ਦ ਅਰਥ' ਐਵਾਰਡ ਨਾਲ ਸਨਮਾਨਤ ਕੀਤਾ ਜਾਂਦਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦਾ ਇਸ ਪੁਰਸਕਾਰ ਲਈ ਚੁਣੇ ਜਾਣ ਪਿੱਛੇ ਉਨ੍ਹਾਂ ਵੱਲੋਂ ਸ਼ੁਰੂ ਕੀਤੀ ਸਵੱਛ ਭਾਰਤ ਯੋਜਨਾ, ਇੱਕ ਕਾਰਨ ਹੋ ਸਕਦਾ ਹੈ। ਮੋਦੀ ਦੇ ਨਾਲ ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੂੰ ਨਿਤੀਗਤ ਅਗਵਾਈ ਦੀ ਸ਼੍ਰੇਣੀ ਵਿੱਚ ਸੰਯੁਕਤ ਰੂਪ 'ਚ ਇਹ ਸਨਮਾਨ ਦਿੱਤਾ ਗਿਆ ਹੈ।
ਸੰਯੁਕਤ ਰਾਸ਼ਟਰ ਦੇ ਵਾਤਾਵਰਣ ਪ੍ਰੋਗਰਾਮ ਮੁਤਾਬਕ ਇਸ ਸਾਲ ਐਵਾਲਡ ਜਿੱਤਣ ਵਾਲਿਆਂ ਨੂੰ ਅੱਜ ਦੇ ਸਮੇਂ ਦੌਰਾਨ ਬੇਹੱਦ ਜ਼ਰੂਰੀ ਵਾਤਾਵਰਣ ਸਮੱਸਿਆਵਾਂ ਦਾ ਟਾਕਰਾ ਕਰਨ ਲਈ ਹਿੰਮਤ ਤੇ ਅਣਥੱਕ ਕੋਸ਼ਿਸ਼ਾਂ ਕਰਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਮੋਦੀ ਨੂੰ ਇਹ ਸਨਮਾਨ ਮਿਲਣ 'ਤੇ ਬੀਜੇਪੀ ਦੇ ਪ੍ਰਧਾਨ ਅਮਿਤ ਸ਼ਾਹ ਤੋਂ ਇਲਾਵਾ ਕਈ ਮੰਤਰੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ।