ਇਸਲਾਮਾਬਾਦ: ਪਾਕਿਸਤਾਨ ਕਸਟਮ ਵਿਭਾਗ ਵੱਲੋਂ ਲਾਹੌਰ ਦੀ ਸਬਜ਼ੀ ਮੰਡੀ ਵਿੱਚੋਂ ਭਾਰਤੀ ਟਮਾਟਰ ਫੜਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਕਸਟਮ ਵਿਭਾਗ ਨੇ ਟਮਾਟਰਾਂ ਨਾਲ ਭਰੇ ਤਿੰਨ ਟਰੱਕ ਕਾਬੂ ਕੀਤੇ ਹਨ ਅਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਸ਼ਮੀਰ ਦੇ ਰਸਤਿਓਂ ਭਾਰਤ ਤੋਂ ਪਾਕਿਸਤਾਨ ਵਿੱਚ ਆਏ ਹਨ।
ਲਹਿੰਦੇ ਪੰਜਾਬ ਦੀ ਲਾਹੌਰ ਦੀ ਸਭ ਤੋਂ ਵੱਡੀ ਬਾਦਾਮੀ ਬਾਗ਼ ਸਬਜ਼ੀ ਮੰਡੀ ਵਿੱਚੋਂ ਇਨ੍ਹਾਂ ਟਮਾਟਰਾਂ ਨੂੰ ਕਾਬੂ ਕੀਤਾ ਹੈ। ਦਰਅਸਲ, ਪਾਕਿਸਤਾਨ ਕਸ਼ਮੀਰ ਦੇ ਰਸਤੇ ਵੀ ਭਾਰਤ ਨਾਲ ਵਾਪਰ ਕਰਦਾ ਹੈ। ਕਾਇਦੇ ਮੁਤਾਬਕ ਦੋਵਾਂ ਦੇਸ਼ਾਂ ਦੇ ਕਸ਼ਮੀਰਾਂ ਵਿੱਚ ਹੀ ਵਪਾਰ ਹੋ ਸਕਦਾ ਹੈ, ਪਰ ਇਹ ਟਮਾਟਰ ਗ਼ੈਰ-ਕਾਨੂੰਨੀ ਤਰੀਕੇ ਨਾਲ ਪਾਕਿਸਤਾਨੀ ਕਸ਼ਮੀਰ ਦੀ ਹੱਦ ਤੋਂ ਬਾਹਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਵੇਚਿਆ ਜਾ ਰਿਹਾ ਸੀ।
ਕਸ਼ਮੀਰ ਰਾਹੀਂ ਦੋਵੇਂ ਦੇਸ਼ ਫਲ, ਸਬਜ਼ੀਆਂ ਆਦਿ ਦਾ ਵਪਾਰ ਕਰਦੇ ਹਨ। ਪਾਕਿਸਤਾਨ ਤੋਂ ਆਈਆਂ ਚੀਜ਼ਾਂ ਭਾਰਤੀ ਕਸ਼ਮੀਰ ਵਿੱਚ ਸੁੱਟ ਕੇ ਇਹ ਟਰੱਕ ਇੱਥੋਂ ਟਮਾਟਰ ਲੈ ਕੇ ਪਾਕਿਸਤਾਨ ਦੇ ਧੁਰ ਅੰਦਰ ਪੰਜਾਬ ਦੀਆਂ ਮੰਡੀਆਂ ਤਕ ਪਹੁੰਚਾਏ ਜਾ ਰਹੇ ਸਨ। ਪਾਕਿਸਤਾਨ ਕਸਟਮ ਵਿਭਾਗ ਨੇ ਟਰੱਕ ਕਾਬੂ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।