ਚੰਡੀਗੜ੍ਹ: ਪੰਜਾਬ ਵਿੱਚ ਹਿੰਦੂ ਲੀਡਰਾਂ ਦੇ ਮਿੱਥ ਕੇ ਕੀਤੇ ਗਏ ਕਤਲ (ਟਾਰਗੇਟ ਕਿਲਿੰਗ) ਦੇ ਮਾਮਲੇ ਸੁਲਝਾਉਣ ਵਿੱਚ ਜੁਟੀ ਕੌਮੀ ਜਾਂਚ ਏਜੰਸੀ (ਐਨਆਈਏ) ਤੇ ਪੰਜਾਬ ਪੁਲਿਸ ਨੇ ਬ੍ਰਿਟੇਨ ਦੇ ਹੋਰ ਵਿਅਕਤੀ ਦੀ ਹਵਾਲਗੀ ਲਈ ਚਾਰਾਜੋਈ ਸ਼ੁਰੂ ਕਰ ਦਿੱਤੀ ਹੈ। ਏਜੰਸੀਆਂ ਪੜਤਾਲ ਅੱਗੇ ਵਧਾਉਣ ਲਈ ਖਾਲਿਸਤਾਨੀ ਗੁਰਸ਼ਰਨਬੀਰ ਸਿੰਘ ਵਹੀਵਾਲ ਦੀ ਯੂਕੇ ਤੋਂ ਸਪੁਰਦਗੀ ਦੀ ਮੰਗ ਕਰਨਗੀਆਂ।
ਐਨਆਈਏ 35 ਸਾਲਾ ਗੁਰਸ਼ਰਨਬੀਰ ਨੂੰ ਆਰਐਸਐਸ ਦੇ ਪੰਜਾਬ ਮੀਤ ਪ੍ਰਧਾਨ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਸਿੰਘ ਗਗਨੇਜਾ ਸਮੇਤ ਸਾਲ 2016 ਤੇ 2017 ਵਿੱਚ ਹੋਰ ਧਾਰਮਿਕ ਲੀਡਰਾਂ ਦੇ ਕਤਲਾਂ ਦਾ ਮੁੱਖ ਸਾਜਿਸ਼ਘਾੜਾ ਮੰਨ ਰਹੀ ਹੈ। ਮੁਹਾਲੀ ਦੀ ਅਦਾਲਤ ਵਿੱਚ ਐਨਆਈਏ ਦੀ ਚਾਰਜਸ਼ੀਟ ਮੁਤਾਬਕ ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਯੂਕੇ ਦੇ ਵਸਨੀਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨਾਲ ਗੁਰਸ਼ਰਨਬੀਰ ਲਗਾਤਾਰ ਸੰਪਰਕ ਵਿੱਚ ਸੀ, ਜਿਸ ਨੇ ਕੈਨੇਡੀਅਨ ਨਾਗਰਿਕ ਰਮਨਦੀਪ ਨੂੰ ਦੁਬਈ ਵਿੱਚ ਹਥਿਆਰ ਚਲਾਉਣ ਦੀ ਸਿਖਲਾਈ ਦਿੱਤੀ ਸੀ। ਪੰਜਾਬ ਪੁਲਿਸ ਨੂੰ ਉਸ ਦੀ ਸਾਲ 2009 ਵਿੱਚ ਪਟਿਆਲਾ 'ਚ ਰਾਸ਼ਟਰੀ ਸਿੱਖ ਸੰਗਤ ਦੇ ਲੀਡਰ ਰੁਲਦਾ ਸਿੰਘ ਦੇ ਕਤਲ ਕੇਸ ਵਿੱਚ ਵੀ ਤਲਾਸ਼ ਹੈ।
ਪੰਜਾਬ ਪੁਲਿਸ ਮੁਤਾਬਕ ਗੁਰਸ਼ਰਨਬੀਰ ਰੁਲਦਾ ਸਿੰਘ ਨੂੰ ਮਾਰਨ ਲਈ ਆਪਣੇ ਯੂਕੇ ਦੇ ਵਸਨੀਕ ਭਰਾ ਅੰਮ੍ਰਿਤਬੀਰ ਸਿੰਘ ਵਹੀਵਾਲ ਦੇ ਪਾਸਪੋਰਟ 'ਤੇ ਭਾਰਤ ਆਇਆ ਸੀ। ਇਸ ਮਾਮਲੇ ਵਿੱਚ ਉਹ ਵੀ ਲੋੜੀਂਦਾ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਨੂੰ ਸਾਲ 2013 ਵਿੱਚ ਐਲਾਨਿਆ ਮੁਜਰਮ ਕਰਾਰ ਦੇ ਦਿੱਤਾ ਸੀ। ਹੁਣ ਐਨਆਈਏ ਨੇ ਵੀ ਗੁਰਸ਼ਰਨਬੀਰ ਨੂੰ ਐਲਾਨਿਆ ਮੁਜਰਮ ਦੱਸ਼ਿਆ ਹੈ ਤੇ ਮੰਗਲਵਾਰ ਨੂੰ ਉਸ ਵਿਰੁੱਧ ਗ਼ੈਰ ਜ਼ਮਾਨਤੀ ਵਾਰੰਟ ਵੀ ਹਾਸਲ ਕਰ ਲਏ ਹਨ।
ਹਾਲਾਂਕਿ, ਰੁਲਦਾ ਸਿੰਘ ਦੇ ਮਾਮਲੇ ਵਿੱਚ ਵੀ ਗੁਰਸ਼ਰਨਬੀਰ ਨੂੰ ਭਾਰਤ ਸਪੁਰਦ ਕਰਨ ਦੀ ਕਾਰਵਾਈ ਸ਼ੁਰੂ ਹੋਈ ਸੀ। ਬਰਤਾਨੀਆ ਪੁਲਿਸ ਦੀ ਟੀਮ ਪਟਿਆਲਾ ਵੀ ਆਈ ਸੀ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਬਿਆਨ ਦਰਜ ਕਰ ਕੇ ਵੀ ਲੈ ਕੇ ਗਈ ਸੀ। ਇਸ ਤੋਂ ਬਾਅਦ ਗੁਰਸ਼ਰਨਬੀਰ ਤੇ ਉਸ ਦੇ ਭਰਾ ਨੂੰ ਉੱਥੇ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਸੀ, ਪਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਹੁਣ ਗੁਰਸ਼ਰਨਬੀਰ ਨੂੰ ਭਾਰਤ ਹਵਾਲੇ ਕਰਨ ਲਈ ਮੁੜ ਤੋਂ ਚਾਰਾਜੋਈ ਆਰੰਭੀ ਜਾ ਰਹੀ ਹੈ।
ਪੰਜਾਬ ਪੁਲਿਸ ਮੁਤਾਬਕ ਬਰਤਾਨੀਆ ਵਿੱਚ ਜਨਮੇ ਗੁਰਸ਼ਰਨਬੀਰ ਦੇ ਖਾਲਿਸਤਾਨ ਲਿਬਰੇਸ਼ਨ ਦੇ ਮੁਖੀ ਹਰਮਿੰਦਰ ਸਿੰਘ ਮਿੰਟੂ ਨਾਲ ਸਬੰਧ ਸਨ। ਉਸ ਨੇ ਉਸ ਨੂੰ ਰੁਲਦਾ ਸਿੰਘ ਦਾ ਕਤਲ ਕਰਨ ਲਈ ਕਿਹਾ ਸੀ। ਇਸ ਤੋਂ ਇਲਾਵਾ ਗੁਰਸ਼ਰਨ ਦੇ ਪਾਕਿਸਤਾਨ ਆਧਾਰਤ ਬੱਬਰ ਖਾਲਸਾ ਦੇ ਲੀਡਰ ਹਰਮੀਤ ਸਿੰਘ ਪੀਐਚਡੀ ਨਾਲ ਵੀ ਸਬੰਧ ਦੱਸੇ ਜਾਂਦੇ ਹਨ, ਜੋ ਪੰਜਾਬ ਦੇ ਹਿੰਦੂ ਲੀਡਰਾਂ ਦੇ ਕਤਲਾਂ ਦਾ ਸਾਜਿਸ਼ਘਾੜਾ ਮੰਨਿਆ ਜਾਂਦਾ ਹੈ।