ਵਾਸ਼ਿੰਗਟਨ: ਭਾਰਤੀ ਮੂਲ ਦੇ ਸਾਬਕਾ ਵਿਦਿਆਰਥੀਆਂ ਨੇ ਅਮਰੀਕਾ ਦੇ ਉੱਚ ਵਿੱਦਿਅਕ ਅਦਾਰਿਆਂ ਨੂੰ 18 ਸਾਲ ਵਿੱਚ 120 ਕਰੋੜ ਡਾਲਰ (8,640 ਕਰੋੜ ਰੁਪਏ) ਦਾ ਦਾਨ ਦਿੱਤਾ ਹੈ। ਸਾਲ 2000 ਤੋਂ 2018 ਦੌਰਾਨ ਇਹ ਰਾਸ਼ੀ ਦਾਨ ਕੀਤੀ ਗਈ। ਸਭ ਤੋਂ ਵੱਧ 23.5% ਰਕਮ ਵਪਾਰਕ ਵਿੱਦਿਆ (ਬਿਜ਼ਨੈਸ ਸਟੱਡੀ) ਖੇਤਰ ਦਿੱਤੀ ਗਈ ਹੈ। ਇੰਡੀਆਸਪੋਰਾ ਦੇ ਸਰਵੇਖਣ ਵਿੱਚ ਇਹ ਅੰਕੜੇ ਸਾਹਮਣੇ ਆਏ ਹਨ। ਸੰਸਥਾ ਨੇ ਪਹਿਲੀ ਵਾਰ 'ਮਾਨੀਟਰ ਆਫ਼ ਯੂਨੀਵਰਸਿਟੀ ਗਿਵਿੰਗ' ਰਿਪੋਰਟ ਜਾਰੀ ਕੀਤੀ ਹੈ।
ਇੰਡੀਆਸਪੋਰਾ ਦੇ ਸੰਸਥਾਪਕ ਐਮ.ਆਰ. ਰੰਗਾਸਵਾਮੀ ਮੁਤਾਬਕ 1.2 ਅਰਬ ਡਾਲਰ ਦਾ ਇਹ ਅੰਕੜਾ ਅਸਲ ਦਾਨ ਰਾਸ਼ੀ ਤੋਂ ਘੱਟ ਹੋ ਸਕਦਾ ਹੈ, ਕਿਉਂਕਿ ਇਸ ਵਿੱਚ 10 ਲੱਖ ਡਾਲਰ ਤੇ ਉਸ ਤੋਂ ਜ਼ਿਆਦਾ ਦੀ ਦਾਨ ਕੀਤੀ ਰਕਮ ਹੀ ਸ਼ਾਮਲ ਹੈ। ਰਿਪੋਰਟ ਮੁਤਾਬਕ 50 ਲੋਕਾਂ ਨੇ 68 ਵਾਰ 1.2 ਅਰਬ ਡਾਲਰ ਦੀ ਵੱਡੀ ਰਕਮ ਦਾਨ ਕੀਤੀ ਹੈ। ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਲੋਕ ਅਜਿਹੇ ਹਨ ਜਿਨ੍ਹਾਂ ਇੱਕ ਤੋਂ ਵੱਧ ਵਾਰ ਦਾਨ ਦਿੱਤਾ। ਫ਼ਲੋਰਿਡਾ ਵਿੱਚ ਰਹਿਣ ਵਾਲੇ ਪਤੀ-ਪਤਨੀ ਕਿਰਨ ਤੇ ਪੱਲਵੀ ਪਟੇਲ ਨੇ ਸਭ ਤੋਂ ਵੱਧ 1,440 ਕਰੋੜ ਰੁਪਏ ਯਾਨੀ ਤਕਰੀਬਨ 20 ਕਰੋੜ ਡਾਲਰ ਦਾ ਯੋਗਦਾਨ ਪਾਇਆ ਹੈ। ਦੋਵਾਂ ਨੇ ਇਹ ਰਾਸ਼ੀ ਸਾਊਦਰਨ ਫ਼ਲੋਰੀਡਾ ਤੇ ਨੋਵਾ ਸਾਊਦਰਨ ਯੂਨੀਵਰਸਿਟੀ ਨੂੰ ਦਿੱਤੀ ਗਈ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਭਾਰਤੀ ਭਾਈਚਾਰਾ ਹੀ ਸਭ ਤੋਂ ਉੱਚ ਸਿੱਖਿਅਤ ਹੈ। ਇੱਕ ਮੱਧ ਵਰਗੀ ਪਰਿਵਾਰ ਦੀ ਸਾਲਾਨਾ ਆਮਦਨ ਇੱਕ ਲੱਖ ਡਾਲਰ ਤੋਂ ਵੀ ਵੱਧ ਹੈ। ਕਰੀਬ 32% ਭਾਰਤੀ ਮੂਲ ਦੇ ਅਮਰੀਕੀ ਬੈਚਲਰ ਡਿਗਰੀ ਧਾਰਕ ਹਨ। ਜਦਕਿ, ਅਮਰੀਕੀ ਮੂਲ ਦੇ ਅਜਿਹੇ ਲੋਕਾਂ ਦੀ ਗਿਣਤੀ ਸਿਰਫ਼ 18% ਹੈ। ਅਮਰੀਕਾ ਵਿੱਚ ਰਹਿ ਰਹੇ ਭਾਰਤੀ ਮੂਲ ਦੇ 38% ਲੋਕਾਂ ਕੋਲ ਐਡਵਾਂਸਡ ਡਿਗਰੀ ਹੈ, ਜੋ ਅਮਰੀਕੀਆਂ ਦੀ ਗਿਣਤੀ ਦਾ ਸਿਰਫ਼ 10 ਫ਼ੀਸਦ ਹੈ। ਅਮਰੀਕੀ ਸੰਸਥਾਵਾਂ ਨੂੰ ਦਾਨ ਦੇਣ ਵਾਲਿਆਂ ਦੀ ਸੂਚੀ ਵਿੱਚ ਆਨੰਦ ਮਹਿੰਦਰਾ ਤੇ ਰਤਨ ਟਾਟਾ ਵਰਗੇ ਲੋਕਾਂ ਦੇ ਨਾਂਅ ਵੀ ਸ਼ਾਮਲ ਹਨ। ਮਹਿੰਦਰਾ ਨੇ ਹਾਰਵਰਡ ਯੂਨੀਵਰਸਿਟੀ ਤੇ ਟਾਟਾ ਨੇ ਕਾਰਨੇਲ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਸੀ।