ਚੀਨ: ਸੋਸ਼ਲ ਮੀਡੀਆ ’ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਬੱਚਾ ਬਿਜਲੀ ਦੀ ਤਾਰ ’ਤੇ ਲਮਕ ਰਿਹਾ ਹੈ। ਬੱਚੇ ਨੂੰ ਪੁਲਿਸ ਮੁਲਾਜ਼ਮ ਤੇ ਡਿਲੀਵਰੀ ਬੌਏ ਗਲੀਚੇ ਦੀ ਮਦਦ ਨਾਲ ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਦੱਖਣੀ ਚੀਨ ਦੇ ਗੁਆਂਗਡੋਂਗ ਪ੍ਰਾਂਤ ਵਿੱਚ 10 ਮਹੀਨੇ ਦਾ ਬੱਚਾ ਆਪਣੇ ਘਰ ਦੀ ਪਹਿਲੀ ਮੰਜ਼ਲ ਦੀ ਖਿੜਕੀ ਤੋਂ ਬਾਹਰ ਨਿਕਲ ਕੇ ਖਿੜਕੀ ਦੇ ਬਾਹਰ ਬਿਜਲੀ ਦੀਆਂ ਤਾਰਾਂ ’ਤੇ ਲਟਕ ਜਾਂਦਾ ਹੈ।
ਇਸ ਪਿੱਛੋਂ ਤਾਰ ਉੱਤੇ ਲਮਕ ਰਹੇ ਬੱਚੇ ਨੂੰ ਰਸਤੇ ਤੋਂ ਗੁਜ਼ਰ ਰਹੀ ਮਹਿਲਾ ਨੇ ਵੇਖਿਆ ਤੇ ਆਸਪਾਸ ਦੇ ਲੋਕਾਂ ਨੂੰ ਇਸ ਬਾਰੇ ਦੱਸਿਆ। ਉੱਥੇ ਮੌਜੂਦ ਡਿਲਵਰੀ ਬੌਏ ਤੇ ਪੁਲਿਸ ਮੁਲਾਜ਼ਮ ਨੇ ਗਲੀਚੇ ਦੇ ਸਹਾਰੇ ਬੱਚੇ ਨੂੰ ਰੈਸਕਿਊ ਕੀਤਾ।
ਡੇਅਲੀ ਮੇਲ ਦੀ ਰਿਪੋਰਟ ਮੁਤਾਬਕ ਬੱਚੇ ਨੂੰ ਮਾਮੂਲੀ ਸੱਟ ਲੱਗੀ ਹੈ। ਰੈਸਕਿਊ ਬਾਅਦ ਉਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਸਮੇਂ ਬੱਚੇ ਦੇ ਮਾਪੇ ਉੱਥੇ ਮੌਜੂਦ ਨਹੀਂ ਸਨ। ਪੁਲਿਸ ਨੇ ਬੱਚੇ ਦੇ ਮਾਪਿਆਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਤੇ ਬੱਚੇ ਦਾ ਧਿਆਨ ਰੱਖਣ ਦੀ ਹਦਾਇਤ ਕੀਤੀ ਹੈ।