ਸ਼ਿਮਲਾ: ਚੰਬਾ ਦੇ ਹੋਲੀ ਵਿੱਚ ਖੇਡਾਂ ਲਈ ਵੱਖ-ਵੱਖ ਥਾਵਾਂ ਤੋਂ ਆਏ ਤਕਰੀਬਨ 1200 ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚੋਂ 480 ਨੂੰ ਬਚਾ ਲਿਆ ਗਿਆ ਹੈ। ਅੱਜ 700 ਹੋਰਾਂ ਲਈ ਬਚਾਅ ਕਾਰਜ ਆਰੰਭੇ ਜਾਣਗੇ। ਇਨ੍ਹਾਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਵੱਖ-ਵੱਖ ਪੈਦਲ ਮਾਰਗਾਂ ਰਾਹੀਂ ਇੱਕ ਥਾਂ ਇਕੱਠਾ ਕੀਤਾ ਗਿਆ ਤੇ ਫਿਰ ਅੱਗੇ ਟੈਕਸੀਆਂ ਵਿੱਚ ਭੇਜਿਆ ਗਿਆ ਹੈ। ਉੱਧਰ, ਬਾਰਚਾਲਾ ਤੇ ਕੇਲਾਂਗਸਰ ਦੇ ਨੇੜਲੇ ਇਲਾਕਿਆਂ ਵਿੱਚ ਠੰਢ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ਵਿੱਚ ਇੱਕ ਗਰਭਵਤੀ ਔਰਤ ਤੇ ਦੋ ਮਰਦ ਸ਼ਾਮਲ ਹਨ।
ਬੀਤੇ ਕੱਲ੍ਹ ਵੀ ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ ਜ਼ਿਲ੍ਹੇ ਵਿੱਚ ਵੱਖ-ਵੱਖ ਥਾਵਾਂ ’ਤੇ ਫਸੇ 300 ਦੇ ਕਰੀਬ ਲੋਕਾਂ ਨੂੰ ਸਹੀ ਸਲਾਮਤ ਕੱਢਿਆ ਜਾ ਚੁੱਕਾ ਹੈ। ਇਨ੍ਹਾਂ ਵਿੱਚ ਕਈ ਨਾਰਵੇ, ਡੈਨਮਾਰਕ, ਭੂਟਾਨ ਤੇ ਨੇਪਾਲ ਦੇ ਵਿਦੇਸ਼ੀ ਸੈਲਾਨੀ ਵੀ ਸ਼ਾਮਲ ਹਨ। ਹਾਲੀਆ ਬਰਫ਼ਬਾਰੀ ਤੋਂ ਬਾਅਦ ਚੰਡੀਗੜ੍ਹ-ਮਨਾਲੀ ਰਾਜਮਾਰਗ ਸਮੇਤ ਰਾਜ ਵਿੱਚ ਬੰਦ ਹੋਈਆਂ ਸਨ ਅਤੇ ਜ਼ਿਆਦਾਤਰ ਸੜਕਾਂ ਵੀਰਵਾਰ ਸਵੇਰ ਤਕ ਖੁੱਲ੍ਹ ਜਾਣ ਦੀ ਆਸ ਹੈ।
ਬਚਾਅ ਕਾਰਜਾਂ ਵਿੱਚ ਰੁੱਝੇ ਅਧਿਕਾਰੀਆਂ ਨੇ ਦੱਸਿਆ ਕਿ 9 ਵਿਦੇਸ਼ੀ ਸੈਲਾਨੀਆਂ ਸਣੇ 27 ਵਿਅਕਤੀ ਭਾਰਤੀ ਹਵਾਈ ਸੈਨਾ ਵੱਲੋਂ ਸਹੀ ਸਲਾਮਤ ਕੱਢੇ ਗਏ ਜਦਕਿ ਬਾਰਡਰ ਰੋਡ ਆਰਗੇਨਾਈਜ਼ੇਸ਼ਨ (ਬੀਆਰਓ) ਵੱਲੋਂ ਵੀ ਇੰਨੇ ਹੀ ਲੋਕ ਕੱਢੇ ਗਏ।
ਕੇਲਾਂਗ ਦੇ ਐਸਡੀਐਮ ਅਮਰ ਨੇਗੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਅੱਠ ਬੰਦਿਆਂ ਨੂੰ ਲਾਹੌਲ ਦੇ ਸਟਿੰਗੜੀ ਤੇ ਕੁੱਲੂ ਦੇ ਭੁੰਤਰ ’ਚੋਂ ਅੱਜ ਦਿਨੇ 11 ਵਜੇ ਤੱਕ ਏਅਰਲਿਫਟ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਭਾਰਤੀ ਹਵਾਈ ਸੈਨਾ ਦੇ ਦੋ ਹੈਲੀਕਾਪਰਟਰ ਕੋਕਸਰ ਤੇ ਬੜਾਲੱਛਾ ਸਮੇਤ ਵੱਖ ਵੱਖ ਥਾਵਾਂ ’ਤੇ ਫਸੇ ਲੋਕਾਂ ਨੂੰ ਕੱਢਣ ਲੱਗੇ ਹੋਏ ਹਨ। ਮੌਸਮ ਸਾਫ਼ ਹੁੰਦਾ ਜਾ ਰਿਹਾ ਤੇ ਬੀਆਰਓ ਕਰਮੀ ਸੜਕਾਂ ’ਤੇ ਫੈਲਿਆ ਮਲਬਾ ਹਟਾ ਰਹੇ ਸਨ।