ਕਸ਼ਮੀਰ ਵਿਵਾਦ 'ਤੇ ਪਾਕਿਸਤਾਨੀ ਮੰਤਰੀ ਦਾ ਵੱਡਾ ਦਾਅਵਾ
ਏਬੀਪੀ ਸਾਂਝਾ | 28 Aug 2018 01:04 PM (IST)
ਚੰਡੀਗੜ੍ਹ: ਪਾਕਿਸਤਾਨ ਦੀ ਇਮਰਾਨ ਖ਼ਾਨ ਸਰਕਾਰ ਵਿੱਚ ਕੈਬਨਿਟ ਮੰਤਰੀ ਸ਼ਿਰੀਨ ਮਜਾਰੀ ਨੇ ਕਸ਼ਮੀਰ ਵਿਵਾਦ ਸਬੰਧੀ ਵੱਡਾ ਦਾਅਵਾ ਕੀਤਾ ਹੈ। ਇਸ ਤਹਿਤ ਪਾਕਿਸਤਾਨ ਇਸ ਵਿਵਾਦ ਦੇ ਨਿਬੇੜੇ ਲਈ ਪ੍ਰਸਤਾਵ ਤਿਆਰ ਕਰ ਰਿਹਾ ਹੈ ਜੋ ਕੈਬਨਿਟ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਦਾ ਐਲਾਨ ਮਜਾਰੀ ਨੇ ਰੂ-ਬਰੂ ਪ੍ਰੋਗਰਾਮ ਦੌਰਾਨ ਕੀਤਾ ਜਿਸ ਨੂੰ ਨਸੀਨ ਜੇਹਰਾ ਨਾਮੀਂ ਪੱਤਰਕਾਰ ਵੱਲੋਂ ਕਰਾਇਆ ਗਿਆ ਸੀ। ਇਸ ਵਿੱਚ ਮਜਾਰੀ ਨੇ ਕਿਹਾ ਕਿ ਪੀਟੀਆਈ ਸਰਕਾਰ ਕਸ਼ਮੀਰ ਮੁੱਦੇ ਨੂੰ ਸੁਲਝਾਉਣ ਲਈ ਹਫਤੇ ਦੇ ਅੰਦਰ ਮਤਾ ਤਿਆਰ ਕਰੇਗੀ। ਇਸ ਨੂੰ ਕੈਬਨਿਟ ਸਾਹਮਣੇ ਪੇਸ਼ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਪ੍ਰਸਤਾਵ ਲਗਪਗ ਤਿਆਰ ਹੈ ਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ’ਤੇ ਵਿਚਾਰ ਕੀਤੀ ਜਾਏਗੀ। ਯਾਦ ਰਹੇ ਕਿ ਜਿੱਤ ਦੇ ਬਾਅਦ ਆਪਣੇ ਪਹਿਲੇ ਭਾਸ਼ਣ ਵਿੱਚ ਪਾਕਿਸਤਾਨ ਦੇ ਨਵੇਂ ਪੀਐਮ ਇਮਰਾਨ ਖ਼ਾਨ ਨੇ ਭਾਰਤ ਨਾਲ ਚੰਗੇ ਰਿਸ਼ਤਿਆਂ ਦੀ ਗੱਲ ਕਹੀ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਗੱਲਬਾਤ ਜ਼ਰੀਏ ਦੋਵਾਂ ਦੇਸ਼ਾਂ ਵਿਚਾਲੇ ਵੱਡੇ ਮੁੱਦਿਆਂ ਨੂੰ ਸੁਲਝਾਉਣ ਲਈ ਤਿਆਰ ਹਨ। ਉਨ੍ਹਾਂ ਨੇ ਕਸ਼ਮੀਰ ਦੇ ਮੁੱਦੇ ਨੂੰ ਮੁੱਖ ਵਿਵਾਦ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਕਿ ਵੇਲਾ ਗਿਆ ਹੈ ਕਿ ਦੋਵੇਂ ਦੇਸ਼ ਇਕੱਠੇ ਬੈਠਣ ਤੇ ਇਸ ਮੁੱਦੇ ਨੂੰ ਗੱਲਬਾਤ ਜ਼ਰੀਏ ਸੁਲਝਾਉਣ ਦੀ ਕੋਸ਼ਿਸ਼ ਕਰਨ।