ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਮੁਤਾਬਕ ਉਨ੍ਹਾਂ ਦੀ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਗੱਲਬਾਤ ਦੀ ਉਮੀਦ ਹੁਣ ਲਗਪਗ ਖ਼ਤਮ ਹੋ ਗਈ ਹੈ। ਅਮਰੀਕੀ ਅਖ਼ਬਾਰ 'ਨਿਊਯਾਰਕ ਟਾਈਮਸ' ਨੂੰ ਦਿੱਤੇ ਇੰਟਰਵਿਊ ‘ਚ ਇਮਰਾਨ ਨੇ ਭਾਰਤ ‘ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਕਿਹਾ, "ਦੋਵਾਂ ਦੇਸ਼ ਪਰਮਾਣੂ ਹਥਿਆਰਾਂ ਨਾਲ ਲੈਸ ਹਨ। ਇਸ ਦੌਰਾਨ ਜੰਗ ਦਾ ਖ਼ਤਰਾ ਵਧਦਾ ਜਾ ਰਿਹਾ ਹੈ। ਭਾਰਤ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਦਾ ਮਿਜਾਜ਼ ਵਿਗੜਿਆ ਹੋਇਆ ਹੈ। ਇਮਰਾਨ ਤੇ ਉਨ੍ਹਾਂ ਦੇ ਮੰਤਰੀਆਂ ਨਾਲ ਉੱਥੇ ਦੀ ਫ਼ੌਜ ਜੰਗ ਦੀ ਜ਼ੁਬਾਨ ਬੋਲ ਰਹੀ ਹੈ।


ਇੱਕ ਸਵਾਰ ਦੇ ਜਵਾਬ ‘ਚ ਪਾਕਿ ਪੀਐਮ ਨੇ ਕਿਹਾ, “ਅਸੀਂ ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਇਸ ‘ਚ ਕੋਈ ਕਮੀ ਨਹੀਂ ਰੱਖੀ ਪਰ ਮੈਨੂੰ ਲੱਗਦਾ ਹੈ ਕਿ ਭਾਰਤ ਸਰਕਾਰ ਤੇ ਪੀਐਮ ਕਿਸੇ ਤਰ੍ਹਾਂ ਦੀ ਗੱਲਬਾਤ ‘ਚ ਦਿਲਚਸਪੀ ਨਹੀਂ ਰੱਖਦੇ। ਇਸ ਲਈ ਤੁਸੀਂ ਹੁਣ ਕਹਿ ਸਕਦੇ ਹੋ ਕਿ ਗੱਲਬਾਤ ਦੀ ਉਮੀਦ ਨਾ ਦੇ ਬਰਾਬਰ ਹੈ।”

ਇਮਰਾਨ ਨੇ ਅੱਗੇ ਕਿਹਾ, “ਮੈਂ ਹਰ ਮੁਮਕਿਨ ਕੋਸ਼ਿਸ਼ ਕੀਤੀ ਹੈ ਕਿ ਦੋਵਾਂ ਮੁਲਕਾਂ ‘ਚ ਅਮਨ ਬਹਾਲ ਹੋ ਪਰ ਪਲਟ ਕੇ ਵੇਖਦਾ ਹਾਂ ਤਾਂ ਲੱਗਦਾ ਹੈ ਕਿ ਅਮਨ ਤੇ ਸ਼ਾਂਤੀ ਲਈ ਗੱਲਬਾਤ ਦੀ ਮੇਰੀ ਕੋਸ਼ਿਸ਼ ਨਾਕਾਮਯਾਬ ਰਹੀ। ਇਸ ਤੋਂ ਜ਼ਿਆਦਾ ਅਸੀਂ ਕੁਝ ਨਹੀਂ ਕਰ ਸਕਦੇ। ਦੋਵਾਂ ਦੇਸ਼ਾਂ ‘ਚ ਪਰਮਾਣੂ ਹਥਿਆਰ ਹਨ ਜਿਸ ਕਰਕੇ ਜੰਗ ਦਾ ਖ਼ਤਰਾ ਵੱਧ ਰਿਹਾ ਹੈ।”

ਇਸ ਇੰਟਰਵਿਊ ਤੋਂ ਪਹਿਲਾਂ ਇਮਰਾਨ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਚ ਗੱਲਬਾਤ ਹੋਈ ਸੀ। ਇਮਰਾਨ ਨੇ ਟਰੰਪ ਨੂੰ ਕਿਹਾ ਸੀ ਕਿ ਕਸ਼ਮੀਰ ਦੇ ਹਾਲਾਤ ਚਿੰਤਾਜਨਕ ਹਨ। ਇਸ ਤੋਂ ਪਹਿਲਾ ਟਰੰਪ ਨੇ ਮੋਦੀ ਨਾਲ ਵੀ ਅੱਧਾ ਘੰਟਾ ਗੱਲ ਕੀਤੀ ਸੀ। ਪਾਕਿ ਪੀਐਮ ਨੇ ਇੱਕ ਵਾਰ ਫੇਰ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਪਾਕਿ ਖਿਲਾਫ ਕੋਈ ਸੈਨਿਕ ਕਾਰਵਾਈ ਕੀਤੀ ਜਾ ਸਕਦੀ ਹੈ।