ਅੰਬਾਲਾ: ਇੱਥੇ ਵੀਰਵਾਰ ਨੂੰ ਵੱਡਾ ਹਾਦਸਾ ਹੋਣ ਤੋਂ ਬਚ ਗਿਆ। ਰੋਜ਼ਾਨਾ ਉਡਾਣ ‘ਤੇ ਨਿਕਲੇ ਭਾਰਤੀ ਹਵਾਈ ਸੈਨਾ ਦੇ ਜਹਾਜ਼ ਦੇ ਇੰਜ਼ਨ ਨਾਲ ਪੰਛੀ ਟਕਰਾ ਗਿਆ। ਹਾਲਾਤ ਨੂੰ ਕਾਬੂ ਕਰਦੇ ਹੋਏ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਕੀਤੀ। ਪਾਇਲਟ ਸੁਰੱਖਿਅਤ ਬਾਹਰ ਨਿਕਲਣ ‘ਚ ਕਾਮਯਾਬ ਰਿਹਾ। ਲੈਂਡਿੰਗ ਤੋਂ ਪਹਿਲਾਂ ਪਾਇਲਟ ਨੇ ਖਾਲੀ ਥਾਂ ਦੇਖ ਜਹਾਜ਼ ਉਪਰ ਲੱਦੇ ਪ੍ਰੈਕਟਿਸ ਬੰਬਾਂ ਤੇ ਫਿਊਲ ਟੈਂਕ ਨੂੰ ਹੇਠ ਸੁੱਟ ਦਿੱਤਾ।



ਭਾਰਤੀ ਹਵਾਈ ਸੈਨਾ ਦੇ ਸੂਤਰਾਂ ਮੁਤਾਬਕ ਪੰਛੀ ਟਕਰਾਉਣ ਕਰਕੇ ਜਹਾਜ਼ ਦਾ ਇੱਕ ਇੰਜ਼ਨ ਫੇਲ੍ਹ ਹੋ ਗਿਆ। ਇਸ ਤੋਂ ਬਾਅਦ ਜੈਗੁਆਰ ਦਾ ਪਾਈਲਟ ਜਹਾਜ਼ ਨੂੰ ਸੁਰੱਖਿਅਤ ਅੰਬਾਲਾ ਏਅਰਬੇਸ 'ਤੇ ਲੈਂਡ ਕਰਨ ‘ਚ ਕਾਮਯਾਬ ਰਿਹਾ। ਏਅਰਫੋਰਸ ਨੇ ਪ੍ਰੈਕਟਿਸ ਬੰਬਾਂ ਨੂੰ ਬਰਾਮਦ ਕਰ ਲਿਆ ਹੈ।



ਹਾਸਲ ਜਾਣਕਾਰੀ ਮੁਤਾਬਕ, ਇਸ ਦੌਰਾਨ ਇੱਥੇ ਨੇੜਲੇ ਘਰਾਂ ‘ਤੇ ਜਹਾਜ਼ ਦਾ ਕੁਝ ਮਲਬਾ ਡਿੱਗਿਆ। ਇਸ ਨਾਲ ਘਰਾਂ ‘ਚ ਤਰੇੜਾਂ ਆ ਗਈਆਂ। ਇਸ ਤੋਂ ਪਹਿਲਾਂ ਗੋਆ ਏਅਰਪੋਰਟ ‘ਤੇ ਜੂਨ ‘ਚ ਹਵਾਈ ਸੈਨਾ ਦੇ ਲੜਾਕੂ ਜਹਾਜ਼ ਮਿੱਗ-29ਕੇ ਦਾ ਫਿਊਲ ਟੈਂਕ ਡਿੱਗਣ ਨਾਲ ਅੱਗ ਲੱਗ ਗਈ ਸੀ। ਟੇਕ ਆਫ਼ ਦੌਰਾਨ ਤਕਨੀਕੀ ਖਾਮੀਆਂ ਕਰਕੇ ਫਿਊਲ ਟੈਂਕ ਨੂੰ ਡੇਗਣਾ ਪਿਆ ਸੀ।