Bangladesh Temple Vandalism: ਬੰਗਲਾਦੇਸ਼ ਵਿੱਚ ਹੋਏ ਤਖ਼ਤਾਪਲਟ ਦੇ ਬਾਅਦ ਤੋਂ ਹਿੰਦੂਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹਿੰਦੂਆਂ ਦੇ ਘਰਾਂ ਅਤੇ ਮੰਦਰਾਂ 'ਤੇ ਹਮਲੇ ਹੋ ਰਹੇ ਹਨ। ਉੱਥੇ ਹੀ ਬਦਮਾਸ਼ਾਂ ਨੇ ਦੋ ਦਿਨਾਂ ਵਿੱਚ ਬੰਗਲਾਦੇਸ਼ ਦੇ ਮੈਮਨਸਿੰਘ ਅਤੇ ਦਿਨਾਜਪੁਰ ਵਿੱਚ ਤਿੰਨ ਹਿੰਦੂ ਮੰਦਰਾਂ ਵਿੱਚ ਅੱਠ ਮੂਰਤੀਆਂ ਤੋੜ ਦਿੱਤੀਆਂ ਹਨ। ਨਿਊਜ਼ ਏਜੰਸੀ ਪੀਟੀਆਈ ਨੇ ਸ਼ੁੱਕਰਵਾਰ ਨੂੰ ਸਥਾਨਕ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ।
ਡੇਲੀ ਸਟਾਰ ਅਖਬਾਰ ਮੁਤਾਬਕ ਪੁਲਿਸ ਨੇ ਇਕ ਮੰਦਰ 'ਚ ਭੰਨਤੋੜ ਦੇ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂ ਭਾਈਚਾਰੇ ਵਿਰੁੱਧ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਇਹ ਤਾਜ਼ਾ ਘਟਨਾਵਾਂ ਹਨ।
ਮੈਮਨਸਿੰਘ ਦੇ ਹਲੂਆਘਾਟ ਉਪ-ਜ਼ਿਲ੍ਹੇ ਵਿਚ ਵੀਰਵਾਰ ਅਤੇ ਸ਼ੁੱਕਰਵਾਰ ਸਵੇਰੇ ਦੋ ਮੰਦਰਾਂ ਦੀਆਂ ਤਿੰਨ ਮੂਰਤੀਆਂ ਦੀ ਭੰਨਤੋੜ ਕੀਤੀ ਗਈ। ਮੰਦਿਰ ਦੇ ਸੂਤਰਾਂ ਅਤੇ ਸਥਾਨਕ ਲੋਕਾਂ ਦਾ ਹਵਾਲਾ ਦਿੰਦਿਆਂ ਹੋਇਆਂ ਹਲੂਆਘਾਟ ਥਾਣੇ ਦੇ ਇੰਚਾਰਜ (ਓਸੀ) ਅਬੁਲ ਖੈਰ ਨੇ ਦੱਸਿਆ ਕਿ ਸ਼ੁੱਕਰਵਾਰ ਤੜਕੇ ਸ਼ਰਾਰਤੀ ਅਨਸਰਾਂ ਨੇ ਹਲੂਆਘਾਟ ਦੇ ਸ਼ਾਕੁਆਈ ਸੰਘ ਵਿੱਚ ਸਥਿਤ ਬੋਂਦਰਪਾਰਾ ਮੰਦਰ ਦੀਆਂ ਦੋ ਮੂਰਤੀਆਂ ਨੂੰ ਤੋੜ ਦਿੱਤਾ।
ਉਨ੍ਹਾਂ ਕਿਹਾ ਕਿ ਇਸ ਘਟਨਾ ਸਬੰਧੀ ਅਜੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਗ੍ਰਿਫ਼ਤਾਰੀ ਹੋਈ ਹੈ। ਵੀਰਵਾਰ ਤੜਕੇ ਇੱਕ ਹੋਰ ਘਟਨਾ ਵਿੱਚ, ਹਲੂਆਘਾਟ ਦੇ ਬੇਲਡੋਰਾ ਯੂਨੀਅਨ ਵਿੱਚ ਪੋਲਾਸ਼ਕੰਦ ਕਾਲੀ ਮੰਦਰ ਵਿੱਚ ਅਪਰਾਧੀਆਂ ਨੇ ਇੱਕ ਮੂਰਤੀ ਦੀ ਭੰਨਤੋੜ ਕੀਤੀ। ਪੁਲਿਸ ਨੇ ਸ਼ੁੱਕਰਵਾਰ ਨੂੰ ਪੋਲਾਸ਼ਕੰਦ ਪਿੰਡ ਤੋਂ ਇੱਕ 27 ਸਾਲਾ ਵਿਅਕਤੀ ਨੂੰ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਇੰਚਾਰਜ ਅਧਿਕਾਰੀ ਨੇ ਦੱਸਿਆ ਕਿ ਗ੍ਰਿਫਤਾਰ ਅਲਾਲਉਦੀਨ ਨੇ ਪੁੱਛਗਿੱਛ ਦੌਰਾਨ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੋਲਾਸ਼ਕੰਦ ਕਾਲੀ ਮੰਦਰ ਕਮੇਟੀ ਦੇ ਪ੍ਰਧਾਨ ਸੁਵਾਸ਼ ਚੰਦਰ ਸਰਕਾਰ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵੱਧ ਗਿਆ ਤਣਾਅ
ਹਿੰਦੂ ਘੱਟ ਗਿਣਤੀਆਂ 'ਤੇ ਹਮਲਿਆਂ ਨੂੰ ਲੈ ਕੇ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਣਾਅ ਵੱਧ ਗਿਆ ਹੈ। ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਤਰੀ ਨੇ ਢਾਕਾ ਵਿੱਚ ਬੰਗਲਾਦੇਸ਼ੀ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਭਲਾਈ ਬਾਰੇ ਚਿੰਤਾ ਪ੍ਰਗਟਾਈ। ਬੰਗਲਾਦੇਸ਼ ਨੇ ਸ਼ੇਖ ਹਸੀਨਾ ਨੂੰ ਸੱਤਾ ਤੋਂ ਲਾਂਭੇ ਕਰਨ ਤੋਂ ਬਾਅਦ ਘੱਟ ਗਿਣਤੀਆਂ, ਮੁੱਖ ਤੌਰ 'ਤੇ ਹਿੰਦੂਆਂ ਵਿਰੁੱਧ ਫਿਰਕੂ ਹਿੰਸਾ ਦੀਆਂ 88 ਘਟਨਾਵਾਂ ਨੂੰ ਸਵੀਕਾਰ ਕੀਤਾ ਹੈ। ਇਨ੍ਹਾਂ ਘਟਨਾਵਾਂ ਨੇ ਦੋਵਾਂ ਦੇਸ਼ਾਂ ਦੇ ਕੂਟਨੀਤਕ ਸਬੰਧਾਂ ਨੂੰ ਹੋਰ ਵੀ ਤਣਾਅਪੂਰਨ ਬਣਾ ਦਿੱਤਾ ਹੈ।