ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 ‘ਚ ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵਿੱਟਰ ਰਾਹੀਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਹਮਲਾ ਕੀਤਾ ਹੈ। ਇਸ ਦੇ ਨਾਲ ਹੀ ਰਾਹੁਲ ਨੇ ਲੋਕਾਂ ਨੂੰ ਆਪਣਾ ਵੋਟ ਦੇਸ਼ ਲਈ ਦੇਣ ਦੀ ਅਪੀਲ ਕੀਤੀ ਹੈ।

ਕੇਂਦਰ ਸਰਕਾਰ ‘ਤੇ ਹਮਲਾ ਕਰਦੇ ਹੋਏ ਰਾਹੁਲ ਨੇ ਉਨ੍ਹਾਂ ਨੂੰ ਆਪਣੇ ਵਾਅਦੇ ਯਾਦ ਕਰਨ ਲਈ ਕਿਹਾ। ਰਾਹੁਲ ਨੇ ਬਿਨਾ ਪ੍ਰਧਾਨ ਮੰਤਰੀ ਦਾ ਨਾਂ ਲਏ ਕਿਹਾ ਕਿ ਨਾ ਦੋ ਕਰੋੜ ਨੌਕਰੀਆਂ, ਨਾ ਬੈਂਕ ਖਾਤਿਆਂ ‘ਚ 15 ਲੱਖ ਰੁਪਏ ਤੇ ਨਾਂ ਚੰਗੇ ਦਿਨ। ਮੋਦੀ ਨੇ ਪਿਛਲੀ ਲੋਕ ਸਭਾ ਚੋਣਾਂ ਦੌਰਾਨ ਚੰਗੇ ਦਿਨ ਲਿਆਉਣ ਦਾ ਵਾਅਦਾ ਕੀਤਾ ਸੀ।


ਰਾਹੁਲ ਗਾਂਧੀ ਨੇ ਕਿਹਾ ਕਿ ਵਾਅਦਾ ਤਾਂ ਪੂਰਾ ਹੋਇਆ ਨਹੀਂ ਤੇ ਨਾ ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲੀਆਂ। ਦੇਸ਼ ਦਾ ਕਿਸਾਨ ਦਰਦ ‘ਚ ਹੈ, ਵਪਾਰੀਆਂ ‘ਤੇ ‘ਗੱਬਰ ਸਿੰਘ ਟੈਕਸ’ ਲਾ ਦਿੱਤਾ ਤੇ ਇਹ ਸਰਕਾਰ ਸੂਟ-ਬੂਟ ਦੀ ਸਰਕਾਰ ਹੈ।

ਆਪਣੇ ਇਸੇ ਟਵੀਟ ‘ਚ ਰਾਹੁਲ ਨੇ ਇੱਕ ਵਾਰ ਫੇਰ ਤੋਂ ਰਾਫੇਲ ਡੀਲ ਨੂੰ ਲੈ ਕੇ ਪੀਐਮ ‘ਤੇ ਹਮਲਾ ਕੀਤਾ ਹੈ। ਅੱਜ ਤੋਂ ਲੋਕ ਸਭਾ 2019 ਦੀ ਵੋਟਿੰਗ ਸ਼ੁਰੂ ਹੋ ਗਈ ਹੈ ਜੋ ਸੱਤ ਪੜਾਅ ‘ਚ ਹੋ ਰਹੀ ਹੈ। ਵੋਟਾਂ ਦੇ ਨਤੀਜੇ 23 ਮਈ ਨੂੰ ਐਲਾਨੇ ਜਾਣਗੇ।