ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਪੱਖ ਵਿੱਚ ਬਿਆਨ ਦਿੱਤੇ ਜਾਣ ਮਗਰੋਂ ਭਾਰਤੀ ਸਿਆਸਤ ਵਿੱਚ ਖਲਬਲੀ ਮੱਚ ਗਈ ਹੈ। ਸਿਆਸਤਦਾਨ ਤਰ੍ਹਾਂ-ਤਰ੍ਹਾਂ ਦੇ ਸਵਾਲ ਕਰ ਰਹੇ ਹਨ, ਇਸੇ ਦਰਮਿਆਨ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਵੀ ਵਿਅੰਗ ਕੱਸਿਆ ਹੈ।

ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਹੈ ਕਿ ਪਾਕਿਸਤਾਨ 'ਚ ਮੱਚਿਆ ਸ਼ੋਰ, ਨਰੇਂਦਰ ਮੋਦੀ ਵੰਸ ਮੋਰ। ਇਸ ਛੋਟੇ ਤੇ ਸੰਖੇਪ ਟਵੀਟ ਰਾਹੀਂ ਕੇਜਰੀਵਾਲ ਨੇ ਭਾਜਪਾ ਤੇ ਨਰੇਂਦਰ ਮੋਦੀ 'ਤੇ ਤਿੱਖੀ ਚੋਭ ਮਾਰੀ ਹੈ।


ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਭਲਕੇ ਯਾਨੀ 11 ਅਪਰੈਲ ਨੂੰ ਹੋਣੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਨੇ ਕਿਹਾ ਹੈ ਕਿ ਜੇਕਰ ਭਾਜਪਾ ਦੁਬਾਰਾ ਚੋਣ ਜਿੱਤਦੀ ਹੈ ਤਾਂ ਇਹ ਭਾਰਤ ਦੇ ਨਾਲ ਸ਼ਾਂਤੀ ਵਾਰਤਾ ਲਈ ਚੰਗਾ ਹੋਵੇਗਾ।

ਇਮਰਾਨ ਨੇ ਇਹ ਵੀ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ ਸ਼ਾਇਦ ਇਹ ਮੁਮਕਿਨ ਨਹੀਂ ਹੋਵੇਗਾ। ਇੰਨਾ ਹੀ ਨਹੀਂ ਇਮਰਾਨ ਨੇ ਕਿਹਾ ਕਿ ਜੇਕਰ ਮੋਦੀ ਸਰਕਾਰ ਆਉਂਦੀ ਹੈ ਤਾਂ ਕਸ਼ਮੀਰ ਮੁੱਦੇ ਦਾ ਹੱਲ ਨਿੱਕਲ ਸਕਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਨੇਤਨਯਾਹੂ ਦੀ ਤਰ੍ਹਾਂ ਡਰ ਤੇ ਰਾਸ਼ਟਰਵਾਦ ਦੇ ਮੁੱਦੇ ‘ਤੇ ਚੋਣ ਲੜ ਰਹੇ ਹਨ।