ਨਵੀਂ ਦਿੱਲੀ: ਦੂਜਾ ਵਿਸ਼ਵ ਯੁੱਧ ਖ਼ਤਮ ਹੋਣ ਦੇ 75 ਵਰ੍ਹੇ ਮੁਕੰਮਲ ਹੋਣ ਮੌਕੇ ਭਾਰਤ ਨੇ ਦੁਨੀਆ ਨੂੰ ਚੇਤੇ ਕਰਵਾਇਆ ਹੈ ਕਿ ਅੱਤਵਾਦ ਸਮਕਾਲੀ ਵਿਸ਼ਵ ਵਿੱਚ ਜੰਗ ਛੇੜਨ ਦਾ ਤਰੀਕਾ ਬਣ ਕੇ ਸਾਹਮਣੇ ਆਇਆ ਹੈ। ਇਸ ਨਾਲ ਧਰਤੀ ਉੱਤੇ ਉਸੇ ਤਰ੍ਹਾਂ ਆਮ ਲੋਕਾਂ ਦਾ ਕਤਲੇਆਮ ਹੋਣ ਦਾ ਖ਼ਤਰਾ ਹੈ, ਜਿਵੇਂ ਦੋਵੇਂ ਵਿਸ਼ਵ-ਯੁੱਧਾਂ ਦੌਰਾਨ ਵੇਖਿਆ ਗਿਆ ਸੀ।


ਦੱਸ ਦੇਈਏ ਕਿ ਦੂਜਾ ਵਿਸ਼ਵ ਯੁੱਧ 1 ਸਤੰਬਰ, 1939 ਨੂੰ ਸ਼ੁਰੂ ਹੋਇਆ ਸੀ ਤੇ 2 ਸਤੰਬਰ, 1945 ਨੂੰ ਖ਼ਤਮ ਹੋਇਆ ਸੀ। ਜਾਪਾਨ ਵੱਲੋਂ ਅਮਰੀਕਾ ਸਾਹਮਣੇ ਆਤਮਸਮਰਪਣ ਕਰਨ ਤੋਂ ਬਾਅਦ ਇਹ ਖ਼ਤਮ ਹੋਇਆ ਸੀ। ਉਸ ਜੰਗ ਵਿੱਚ 6 ਤੋਂ 8 ਕਰੋੜ ਲੋਕ ਮਾਰੇ ਗਏ ਸਨ। ਇਹ ਵਿਸ਼ਵ ਦੀ ਉਦੋਂ ਦੀ ਆਬਾਦੀ ਦਾ 3 ਫ਼ੀਸਦੀ ਸੀ।


ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਸਥਾਈ ਮਿਸ਼ਨ ਦੇ ਫ਼ਸਟ ਸੈਕਰੈਟਰੀ ਆਸ਼ੀਸ਼ ਸ਼ਰਮਾ ਨੇ ਕਿਹਾ ਕਿ ਅੱਤਵਾਦ ਹੁਣ ਇੱਕ ਵੱਡੇ ਖ਼ਤਰੇ ਵਜੋਂ ਸਾਹਮਣੇ ਆਇਆ ਹੈ; ਇਸ ਨਾਲ ਦੁਨੀਆ ਵਿੱਚ ਉਸੇ ਤਰ੍ਹਾਂ ਸਮੂਹਕ ਕਤਲੇਆਮ ਹੋਣ ਦਾ ਖ਼ਤਰਾ ਹੈ, ਜੋ ਅਸੀਂ ਦੋਵੇਂ ਵਿਸ਼ਵ ਯੁੱਧਾਂ ਦੌਰਾਨ ਵੇਖਿਆ ਸੀ। ਅੱਤਵਾਦ ਇੱਕ ਵਿਸ਼ਵ ਸਮੱਸਿਆ ਹੈ ਤੇ ਵਿਸ਼ਵ ਪੱਧਰ ਉੱਤੇ ਜਤਨਾਂ ਰਾਹੀਂ ਇਸ ਨਾਲ ਨਿਪਟਿਆ ਜਾ ਸਕਦਾ ਹੈ।


ਸ਼ਰਮਾ ਨੇ ਕਿਹਾ ਕਿ ਉਦੋਂ ਬ੍ਰਿਟਿਸ਼ ਹਕੂਮਤ ਦੇ ਅਧੀਨ ਹੋਣ ਦੇ ਬਾਵਜੂਦ ਭਾਰਤ ਦੇ 25 ਲੱਖ ਜਵਾਨ ਦੂਜੇ ਵਿਸ਼ਵ ਯੁੱਧ ਵਿੱਚ ਲੜੇ ਸਨ। ਭਾਰਤ ਦੇ 87,000 ਜਵਾਨ ਤਦ ਸ਼ਹੀਦ ਹੋ ਗਏ ਸਨ। ਸ਼ਰਮਾ ਨੇ ਦੁਨੀਆ ਨੂੰ ਬਚਾਉਣ ਲਈ ਲੜਨ ਵਾਲੇ ਸਾਰੇ ਦੇਸ਼ਾਂ ਦੇ ਬਹਾਦਰ ਲੋਕਾਂ ਨੂੰ ਸਲਾਮ ਕਰਦਿਆਂ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਉੱਪ ਨਿਵੇਸ਼ ਜਗਤ ਦੇ ਹਜ਼ਾਰਾਂ ਵਲੰਟੀਅਰ ਫ਼ੌਜੀ ਜਵਾਨਾਂ ਦੇ ਜੰਗ ਵਿੱਚ ਯੋਗਦਾਨ ਦੇ ਬਾਵਜੂਦ ਉਨ੍ਹਾਂ ਨੂੰ ਉਚਿਤ ਸਨਮਾਨ ਤੇ ਮਾਨਤਾ ਨਹੀਂ ਦਿੱਤੀ ਗਈ।


ਕਿਸਾਨ ਅੰਦੋਲਨ 'ਤੇ ਲਟਕ ਸਕਦੀ ਸੁਪਰੀਮ ਕੋਰਟ ਦੀ ਤਲਵਾਰ, ਪਟੀਸ਼ਨ ਦਾਇਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ