ਰਿਆਦ: ਭਾਰਤ ਅਤੇ ਸਾਊਦੀ ਅਰਬ ਨੇ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਤੇਲ ਅਤੇ ਗੈਸ, ਰੱਖਿਆ ਅਤੇ ਸ਼ਹਿਰੀ ਹਵਾਬਾਜ਼ੀ ਸਮੇਤ ਵੱਖ-ਵੱਖ ਪ੍ਰਮੁੱਖ ਖੇਤਰਾਂ ਵਿੱਚ ਮੰਗਲਵਾਰ ਨੂੰ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਮਰਾਜ ਦੀ ਉੱਚ ਲੀਡਰਸ਼ਿਪ ਨਾਲ ਅਹਿਮ ਵਿਚਾਰ ਵਟਾਂਦਰੇ ਕੀਤੇ ਜਿਸ ਦੌਰਾਨ ਮਹੱਤਵਪੂਰਨ ਮੁੱਦਿਆਂ 'ਤੇ ਤਾਲਮੇਲ ਰੱਖਣ ਲਈ ਇਕ ਰਣਨੀਤਕ ਭਾਈਵਾਲੀ ਕੌਂਸਲ ਵੀ ਸਥਾਪਿਤ ਕੀਤੀ ਗਈ।
ਬਹੁ-ਚਰਚਿਤ ਗਲੋਬਲ ਵਿੱਤੀ ਸੰਮੇਲਨ (ਐੱਫਆਈਆਈ) ਵਿੱਚ ਸ਼ਾਮਲ ਹੋਣ ਲਈ ਖਾੜੀ ਸਾਮਰਾਜ ਦੇ ਦੋ ਦਿਨਾਂ ਦੌਰੇ 'ਤੇ ਆਏ ਮੋਦੀ ਨੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਬਿਨ ਅਬਦੁੱਲ ਅਜ਼ੀਜ਼ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਨੇਤਾਵਾਂ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤਕਰਨ 'ਤੇ ਨੇੜਿਓਂ ਕੰਮ ਕਰਨ ਨੂੰ ਲੈ ਕੇ ਵਿਚਾਰ ਸਾਂਝੇ ਕੀਤੇ।
ਪਾਕਿਸਤਾਨ ਦਾ ਵੱਡਾ ਸਹਿਯੋਗੀ ਮੰਨਿਆ ਜਾਣ ਵਾਲਾ ਸਾਊਦੀ ਅਰਬ, ਖੇਤਰ ਨੂੰ ਅੱਤਵਾਦ ਮੁਕਤ ਬਣਾਉਣ ਦੀ ਭਾਰਤ ਦੀ ਮੁਹਿੰਮ ਵਿਚ ਆਪਣਾ ਪੱਖ ਲੈ ਰਿਹਾ ਹੈ ਅਤੇ ਇਸ ਚੁਣੌਤੀ ਨਾਲ ਨਜਿੱਠਣ ਲਈ ਪੂਰਾ ਸਹਿਯੋਗ ਕਰਨ ਲਈ ਵਚਨਬੱਧ ਹੈ।
ਬਾਅਦ ਸ਼ਾਮ ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਤਾਕਤਵਰ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਕਈ ਵਿਸ਼ਿਆਂ 'ਤੇ ਚਰਚਾ ਕੀਤੀ। ਦੋਵਾਂ ਨੇਤਾਵਾਂ ਨੇ ਹਰ ਤਰ੍ਹਾਂ ਦੇ ਅੱਤਵਾਦ ਦੀ ਨਿੰਦਾ ਕੀਤੀ ਅਤੇ ਦੁਵੱਲੇ ਸੁਰੱਖਿਆ ਸਹਿਯੋਗ ਲਈ ਸਹਿਮਤੀ ਜਤਾਈ। ਹੋਏ।
ਵਫ਼ਦ ਪੱਧਰੀ ਗੱਲਬਾਤ ਤੋਂ ਬਾਅਦ, ਦੋਵਾਂ ਨੇਤਾਵਾਂ ਨੇ ਰਣਨੀਤਕ ਮੁੱਦਿਆਂ ਨਾਲ ਜੁੜੇ ਫੈਸਲਿਆਂ ਦਾ ਤਾਲਮੇਲ ਕਰਨ ਲਈ ਭਾਰਤ-ਸਾਊਦੀ ਅਰਬ ਦੀ ਰਣਨੀਤਕ ਭਾਈਵਾਲੀ ਪ੍ਰੀਸ਼ਦ ਸਥਾਪਤ ਕਰਨ ਲਈ ਇਕ ਸਮਝੌਤੇ 'ਤੇ ਦਸਤਖਤ ਕੀਤੇ।