ਨਵੀਂ ਦਿੱਲੀ: ਭਾਰਤ ਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਇਸ ਲਈ ਭਾਰਤੀ ਫੌਜਾਂ ਨੇ ਸਰਹੱਦ ਤੇ ਚੌਕਸੀ ਹੋਰ ਵਧਾ ਦਿੱਤੀ ਹੈ। ਭਾਰਤ ਨੇ ਆਪਣੇ ਫਰੰਟ ਮੋਰਚਿਆਂ ਤੇ ਹਵਾਈ ਸੈਨਾ ਦੇ ਟਿਕਾਣਿਆਂ ਤੇ ਤਾਇਨਾਤੀ ਮਜ਼ਬੂਤ ਕੀਤੀ ਹੈ। ਇਸ ਦੇ ਨਾਲ-ਨਾਲ ਕਈ ਇਲਾਕਿਆਂ 'ਚ ਕੌਮਬੈਟ ਏਅਰ ਪੈਟ੍ਰੋਲਿੰਗ (CAP) ਵੀ ਲਗਾਤਾਰ ਜਾਰੀ ਹੈ।
ਭਾਰਤ ਚੀਨ ਸਰਹੱਦ ਤੇ ਤਣਾਅ ਵਿਚਾਲੇ ਹਵਾਈ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੋਰੀਆ ਸ੍ਰੀਨਗਰ ਤੇ ਲੇਹ ਦਾ ਦੌਰਾ ਕਰਕੇ ਵੀ ਆਏ ਹਨ। ਪੂਰਬੀ ਲੱਦਾਖ ਦੇ ਗਲਵਾਨ ਘਾਟੀ 'ਚ ਭਾਰਤ ਤੇ ਚੀਨੀ ਸੈਨਿਕਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਚੀਨ ਨਾਲ ਲੱਗਦੀ ਕਰੀਬ 3500 ਕਿਲੋਮੀਟਰ ਦੀ ਸਰਹੱਦ ਤੇ ਸਥਿਤ ਮੋਰਚਿਆਂ ਤੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਉਧਰ, ਨੇਵੀ ਨੂੰ ਵੀ ਹਿੰਦ ਮਹਾਸਾਗਰ ਖੇਤਰ 'ਚ ਆਪਣੀ ਚੌਕਸੀ ਵਧਾਉਣ ਲਈ ਕਿਹਾ ਗਿਆ ਹੈ। ਇੱਥੇ ਚੀਨੀ ਨੇਵੀ ਵੱਲੋਂ ਲਗਾਤਾਰ ਗਤੀਵੀਧੀਆਂ ਹੁੰਦੀਆਂ ਹਨ।
ਗਲਵਾਨ ਘਾਟੀ 'ਚ ਸੋਮਵਾਰ ਨੂੰ ਚੀਨੀ ਸੈਨਿਕਾਂ ਨਾਲ ਹੋਈ ਝੜਪ 'ਚ ਭਾਰਤੀ ਫੌਜ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਹਾਲ ਹੀ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਚੀਫ਼ ਆਫ਼ ਡਿਫੈਂਸ (ਸੀਡੀਐਸ) ਜਨਰਲ ਬਿਪਿਨ ਰਾਵਤ ਤੇ ਤਿੰਨੇ ਸੈਨਾਵਾਂ ਦੇ ਮੁਖੀਆਂ ਨਾਲ ਉੱਚ ਪੱਧਰੀ ਬੈਠਕ ਹੋਈ ਹੈ ਜਿਸ ਤੋਂ ਬਾਅਦ ਤਿੰਨੋਂ ਫੌਜਾਂ ਲਈ ਅਲਰਟ ਦੇ ਪੱਧਰ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।
ਹਾਸਲ ਜਾਣਕਾਰੀ ਅਨੁਸਾਰ, ਅਰੁਣਾਚਲ ਪ੍ਰਦੇਸ਼, ਉਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨੇੜੇ ਅਗ੍ਰਿਮ ਮੋਰਚਿਆਂ ਤੇ ਤਾਇਨਾਤ ਸਾਰੇ ਟਿਕਾਣਿਆਂ ਤੇ ਟੁਕੜੀਆਂ ਦੇ ਲਈ ਸੈਨਾ ਪਹਿਲਾਂ ਤੋਂ ਹੀ ਵਾਧੂ ਜਵਾਨਾਂ ਨੂੰ ਭੇਜ ਚੁੱਕੀ ਹੈ।