ਨਵੀਂ ਦਿੱਲੀ: ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਦੇ ਬਾਅਦ, ਭਾਰਤ ਅਤੇ ਚੀਨ ਦਰਮਿਆਨ ਕੋਰ ਕਮਾਂਡਰ (Corps Commander) ਪੱਧਰੀ ਗੱਲਬਾਤ ਐਤਵਾਰ ਨੂੰ ਫਿਰ ਤੋਂ ਸ਼ੁਰੂ ਹੋਵੇਗੀ।ਕੋਰ ਕਮਾਂਡਰ ਪੱਧਰ ਦੀ ਇਹ ਗੱਲਬਾਤ ਦਾ ਅਗਲਾ ਦੌਰ ਮੋਲਡੋ ਚੀਨੀ ਹਿੱਸੇ ਤੇ ਹੋਵੇਗੀ।


ਇਕ ਅਧਿਕਾਰੀ ਨੇ ਕਿਹਾ, "ਸੰਭਾਵਨਾ ਹੈ ਕਿ ਕੱਲ੍ਹ ਬਹੁਤ ਸਾਰੀਆਂ ਚੀਜ਼ਾਂ ਦਾ ਹੱਲ ਨਿੱਕਲੇਗਾ।" ਪਿਛਲੀਆਂ ਕੁਝ ਮੁਲਾਕਾਤਾਂ ਦੀ ਤਰ੍ਹਾਂ ਇਸ ਵਾਰ ਵੀ ਵਿਦੇਸ਼ ਮੰਤਰਾਲੇ ਦੇ ਪ੍ਰਤੀਨਿਧੀ ਵਿਚਾਰ ਵਟਾਂਦਰੇ ਦਾ ਹਿੱਸਾ ਰਹਿਣਗੇ।ਆਖਰੀ ਮੁਲਾਕਾਤ 6 ਨਵੰਬਰ ਨੂੰ ਹੋਈ ਸੀ।

ਦੱਸ ਦੇਈਏ ਕਿ ਪੂਰਬੀ ਲੱਦਾਖ ਵਿੱਚ ਭਾਰਤ ਅਤੇ ਚੀਨ ਵਿਚਾਲੇ ਹੋਏ ਟਕਰਾਅ ਮਗਰੋਂ ਹਲਾਤ ਬੇਹੱਦ ਤਣਾਅਪੂਰਨ ਬਣੇ ਹੋਏ ਹਨ।ਭਾਰਤ ਅਤੇ ਚੀਨ ਵਿਚਾਲੇ ਇਸ ਝੜਪ ਨੂੰ ਹੁਣ ਨੌ ਮਹੀਨੇ ਹੋ ਗਏ ਹਨ। ਦੋਵੇਂ ਧਿਰਾਂ ਵਲੋਂ ਜੰਗੀ ਸਾਜੋ ਸਮਾਨ ਦੀ ਭਾਰੀ ਤਾਇਨਾਤੀ ਜਾਰੀ ਹੈ।ਐਲਏਸੀ ਤੇ ਭਾਵੇਂ ਤਾਪਮਾਨ ਮਾਈਨਸ 30 ਡਿਗਰੀ ਸੈਲਸੀਅਸ ਹੋ ਗਿਆ ਹੈ, ਪਰ ਦੋਵਾਂ ਪਾਸਿਆਂ ਤੋਂ ਫੌਜਾਂ ਦੀ ਕੋਈ ਕਮੀ ਨਹੀਂ ਆਈ ਹੈ। ਸਰਦੀਆਂ ਦੇ ਦੌਰਾਨ, ਇੱਥੇ ਸ਼ਾਂਤੀ ਜ਼ਰੂਰ ਰਹੀ ਹੈ ਪਰ ਤਣਾਅ ਘੱਟ ਨਹੀਂ ਹੋਇਆ।

ਤਣਾਅ ਪਿਛਲੇ ਸਾਲ ਮਈ ਵਿੱਚ ਪੈਨਗੋਂਗ ਝੀਲ ਤੇ ਹੋਈ ਝੜਪਾਂ ਨਾਲ ਸ਼ੁਰੂ ਹੋਇਆ ਸੀ। ਝੜਪ ਮਗਰੋਂ ਬਹੁਤ ਸਾਰੇ ਜ਼ਖਮੀ ਵੀ ਹੋ ਗਏ ਸੀ।15 ਜੂਨ ਨੂੰ, ਗਾਲਵਾਨ ਘਾਟੀ ਵਿੱਚ ਇੱਕ ਹੋਰ ਭਿਆਨਕ ਝੜਪ ਵਿੱਚ 20 ਭਾਰਤੀ ਸੈਨਿਕ ਮਾਰੇ ਗਏ ਸੀ।ਜਦਕਿ ਚੀਨ ਨੇ ਕਦੇ ਵੀ ਆਪਣੇ ਜਾਨੀ ਨੁਕਸਾਨ ਨੂੰ ਜਨਤਕ ਨਹੀਂ ਕੀਤਾ।