ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਤੇ ਚੀਨ ਵਿਚਾਲੇ 1962 ਦੀ ਜੰਗ ਤੋਂ ਬਾਅਦ ਸਭ ਤੋਂ ਜ਼ਿਆਦਾ ਗੰਭੀਰ ਹਾਲਾਤ ਬਣੇ ਹੋਏ ਹਨ। ਇੱਕ ਇੰਟਰਵਿਊ 'ਚ ਵਿਦੇਸ਼ ਮੰਤਰੀ ਨੇ ਕਿਹਾ, 'ਨਿਸਚਿਤ ਰੂਪ ਤੋਂ ਹੀ 1962 ਤੋਂ ਬਾਅਦ ਸਰਹੱਦ 'ਤੇ ਸਭ ਤੋਂ ਜ਼ਿਆਦਾ ਗੰਭੀਰ ਸਥਿਤੀ ਹੈ।'
45 ਸਾਲ 'ਚ ਪਹਿਲੀ ਵਾਰ ਚੀਨ ਸਰਹੱਦ 'ਤੇ ਜਵਾਨ ਸ਼ਹੀਦ ਹੋਏ। LAC 'ਤੇ ਦੋਵੇਂ ਪਾਸਿਆਂ ਤੋਂ ਇੰਨੀ ਵੱਡੀ ਸੰਖਿਆਂ 'ਚ ਫੌਜ ਵੀ ਪਹਿਲਾਂ ਕਦੇ ਤਾਇਨਾਤ ਨਹੀਂ ਹੋਈ। ਆਪਣੀ ਕਿਤਾਬ 'INDIA WAY: Strategies for an Uncertain World' ਦੀ ਘੁੰਢ ਚੁਕਾਈ ਤੋਂ ਪਹਿਲਾਂ ਰੈਡਿਫ ਡੌਟ ਕੌਮ ਨੂੰ ਦਿੱਤੇ ਇੰਟਰਵਿਊ 'ਚ ਵਿਦੇਸ਼ ਮੰਤਰੀ ਨੇ ਕਿਹਾ 'ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਚੀਨ ਦੇ ਨਾਲ ਰਾਜਨਾਇਕ ਤੇ ਫੌਜ ਦੋਵੇਂ ਤਰੀਕਿਆਂ ਨਾਲ ਗੱਲਬਾਤ ਕਰ ਰਹੇ ਹਾਂ। ਹਕੀਕਤ 'ਚ ਦੋਵੇਂ ਨਾਲ-ਨਾਲ ਚੱਲ ਰਹੇ ਹਨ।'
ਦਰਅਸਲ ਭਾਰਤ ਜ਼ੋਰ ਦੇ ਰਿਹਾ ਕਿ ਚੀਨ ਦੇ ਨਾਲ ਸਰਹੱਦੀ ਵਿਵਾਦ ਦਾ ਹੱਲ ਦੋਵਾਂ ਦੇਸ਼ਾਂ ਵਿਚਾਲੇ ਬਾਰਡਰ ਪ੍ਰਬੰਧਨ ਲਈ ਮੌਜੂਦਾ ਸਮੇਂ ਸਮਝੌਤਿਆਂ ਤੇ ਪ੍ਰੋਟੋਕੋਲ ਦੇ ਹਿਸਾਬ ਨਾਲ ਕੱਢਿਆ ਜਾਣਾ ਚਾਹੀਦਾ ਹੈ।
ਭਾਰਤ ਨੂੰ ਸੁਰੱਖਿਆ ਲਈ ਜੋ ਕੁਝ ਕਰਨਾ ਪਵੇਗਾ ਉਹ ਕਰੇਗਾ:
ਵਿਦੇਸ਼ ਮੰਤਰੀ ਨੇ ਡੋਕਲਾਮ ਸਮੇਤ ਚੀਨ ਨਾਲ ਸਰਹੱਦ 'ਤੇ ਤਣਾਅ ਦੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਭਾਰਤ ਨੂੰ ਆਪਣੀਆਂ ਸਰਹੱਦਾਂ ਦੀ ਸੁਰੱਖਿਆ ਲਈ ਜੋ ਕੁਝ ਕਰਨਾ ਹੋਵੇਗਾ, ਉਹ ਕਰੇਗਾ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕੇ 'ਚ ਦੇਪਸਾਂਗ, ਚੁਮਾਰ, ਡੋਕਲਾਮ ਸੀਮਾ ਵਿਵਾਦ ਪੈਦਾ ਹੋਏ। ਇਸ 'ਚ ਹਰ ਮਸਲਾ ਇੱਕ-ਦੂਜੇ ਤੋਂ ਵੱਖ ਸੀ ਪਰ ਇਨ੍ਹਾਂ ਦੀ ਇੱਕ ਗੱਲ ਇਕੋ ਜਿਹੀ ਇਹ ਸੀ ਕਿ ਸਾਰਿਆਂ ਦਾ ਹੱਲ ਰਾਜਨਾਇਕ ਯਤਨਾਂ ਤਹਿਤ ਹੋਇਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ