India deploy 10,000 soldiers at China Boarder: ਭਾਰਤ-ਚੀਨ ਦੇ ਰਿਸ਼ਤੇ ਸੁਧਰਦੇ ਦਿਖਾਈ ਨਹੀਂ ਦੇ ਰਹੇ। ਤਾਜ਼ਾ ਹਾਲਾਤ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਰਤ ਨੇ ਚੀਨ ਨਾਲ ਲੱਗਦੀ ਆਪਣੀ ਵਿਵਾਦਤ ਸਰਹੱਦ ਨੂੰ ਮਜ਼ਬੂਤ ​​ਕਰਨ ਲਈ ਨਵੀਂ ਰਣਨੀਤੀ ਬਣਾਈ ਹੈ। ਭਾਰਤੀ ਫੌਜ ਨੇ ਚੀਨ ਸਰਹੱਦ 'ਤੇ 10,000 ਜਵਾਨਾਂ ਨੂੰ ਤਾਇਨਾਤ ਕੀਤਾ ਹੈ। ਹਾਲਾਂਕਿ ਫੌਜ ਦੇ ਅਧਿਕਾਰੀਆਂ ਨੇ ਇਸ ਬਾਰੇ ਕੋਈ ਰਸਮੀ ਜਾਣਕਾਰੀ ਨਹੀਂ ਦਿੱਤੀ। 


ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ 10000 ਸੈਨਿਕਾਂ ਨੂੰ ਉੱਤਰਾਖੰਡ ਤੋਂ ਹਿਮਾਚਲ ਪ੍ਰਦੇਸ਼ ਤੱਕ ਚੀਨ ਦੀ ਸਰਹੱਦ 'ਤੇ ਤਾਇਨਾਤ ਕੀਤਾ ਗਿਆ ਹੈ। ਭਾਰਤ-ਚੀਨ ਸਰਹੱਦ ਦੇ ਇਸ ਖੇਤਰ ਵਿੱਚ ਪਹਿਲਾਂ ਹੀ 9000 ਸੈਨਿਕ ਤਾਇਨਾਤ ਹਨ। ਇਹ ਭਾਰਤੀ ਸੈਨਿਕ 532 ਕਿਲੋਮੀਟਰ ਲੰਬੀ ਸਰਹੱਦ ਨੂੰ ਹੋਰ ਸੁਰੱਖਿਅਤ ਕਰਨਗੇ। 


ਦੱਸ ਦਈਏ ਕਿ ਇਸ ਖੇਤਰ ਵਿੱਚ ਪਿਛਲੇ ਦਹਾਕੇ ਦੌਰਾਨ ਬੁਨਿਆਦੀ ਢਾਂਚੇ ਵਿੱਚ ਭਾਰੀ ਨਿਵੇਸ਼ ਤੇ ਵਿਕਾਸ ਦੇਖਿਆ ਗਿਆ ਹੈ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਇਸ ਖੇਤਰ ਵਿੱਚ ਸੈਰ ਸਪਾਟੇ ਨੂੰ ਵੀ ਬੜਾਵਾ ਮਿਲਿਆ ਹੈ। ਇਸ ਦੇ ਨਾਲ ਹੀ ਪਿਛਲੇ ਸਮੇਂ ਦੌਰਾਨ ਭਾਰਤ ਤੇ ਚੀਨ ਦੇ ਸੈਨਿਕਾਂ ਵਿਚਾਲੇ ਕਈ ਵਾਰ ਝੜਪ ਵੀ ਹੋ ਚੁੱਕੀ ਹੈ। ਸਾਲ 2020 'ਚ ਚੀਨੀ ਸੈਨਿਕਾਂ ਨਾਲ ਝੜਪ 'ਚ ਘੱਟੋ-ਘੱਟ 20 ਭਾਰਤੀ ਫੌਜੀ ਸ਼ਹੀਦ ਹੋ ਗਏ ਸਨ। 


ਇਸ ਦੌਰਾਨ ਭਾਰਤੀ ਜਵਾਨਾਂ ਨੇ ਵੀ ਚੀਨੀ ਸੈਨਿਕਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ ਪਰ ਚੀਨ ਨੇ ਦੁਨੀਆ 'ਚ ਬਦਨਾਮੀ ਦੇ ਡਰੋਂ ਆਪਣੇ ਫੌਜੀਆਂ ਦੀ ਮੌਤ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ ਸੀ। ਇਸ ਘਟਨਾ ਤੋਂ ਬਾਅਦ ਸਾਲ 2021 'ਚ ਭਾਰਤ ਨੇ ਚੀਨ ਨਾਲ ਲੱਗਦੀ ਆਪਣੀ ਸਰਹੱਦ 'ਤੇ ਗਸ਼ਤ ਲਈ 50,000 ਵਾਧੂ ਸੈਨਿਕ ਤਾਇਨਾਤ ਕੀਤੇ ਸਨ।


ਇਸ ਘਟਨਾ ਤੋਂ ਬਾਅਦ, ਭਾਰਤ ਤੇ ਚੀਨ ਨੇ ਸਰਹੱਦੀ ਖੇਤਰਾਂ ਦੇ ਨਾਲ ਮਿਲਟਰੀ ਨਾਲ ਸਬੰਧਤ ਬੁਨਿਆਦੀ ਢਾਂਚੇ ਨੂੰ ਵਧਾ ਦਿੱਤਾ ਹੈ ਤੇ ਹੋਰ ਸੈਨਿਕਾਂ ਦੀ ਤਾਇਨਾਤੀ ਦੇ ਨਾਲ-ਨਾਲ ਆਪਣੀਆਂ ਸਰਹੱਦਾਂ 'ਤੇ ਮਿਜ਼ਾਈਲਾਂ ਤੇ ਹਵਾਈ ਜਹਾਜ਼ਾਂ ਨੂੰ ਤਾਇਨਾਤ ਕੀਤਾ ਹੈ। ਹਾਲ ਹੀ ਵਿੱਚ ਭਾਰਤ ਦੇ ਰੱਖਿਆ ਸਕੱਤਰ ਗਿਰਿਧਰ ਅਰਮਾਨੇ ਨੇ ਕਿਹਾ ਸੀ ਕਿ ਸੰਭਵ ਹੈ ਕਿ ਸਾਨੂੰ ਮੁੜ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਤਰ੍ਹਾਂ ਦੀ ਸਥਿਤੀ ਦਾ 2020 ਵਿੱਚ ਕਰਨਾ ਪਿਆ ਸੀ। ਇਸ ਲਈ ਅਸੀਂ ਹਰ ਸਮੇਂ ਐਕਟਿਵ ਰਹਿੰਦੇ ਹਾਂ।



ਇਸ ਦੇ ਨਾਲ ਹੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਕਿਹਾ ਸੀ ਕਿ ਉਹ ਜਵਾਨਾਂ ਦਾ ਮਨੋਬਲ ਉੱਚਾ ਰੱਖਣ ਲਈ ਲਗਾਤਾਰ ਕੰਮ ਕਰ ਰਹੇ ਹਨ। ਉਹ ਭਾਰਤ 'ਤੇ ਬੁਰੀ ਨਜ਼ਰ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ ਢੁੱਕਵਾਂ ਜਵਾਬ ਦੇਣ ਲਈ ਸਮਰੱਥ ਤੇ ਤਿਆਰ ਹਨ। ਜਾਪਾਨ ਵਿੱਚ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਕਿਹਾ ਸੀ ਕਿ ਚੀਨ ਨੇ ਭਾਰਤ ਨਾਲ ਲੰਮੇ ਸਮੇਂ ਤੋਂ ਲਿਖਤੀ ਸਮਝੌਤਿਆਂ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ਗਲਵਾਨ ਘਟਨਾ ਦਾ ਜ਼ਿਕਰ ਕੀਤਾ ਸੀ।