ਰੂਸ-ਯੂਕਰੇਨ ਜੰਗ ਤੋਂ ਬਾਅਦ ਦੁਨੀਆ ਭਰ ਵਿੱਚ ਊਰਜਾ ਸੰਕਟ ਵਧ ਗਿਆ। ਇਸ ਦੌਰਾਨ ਭਾਰਤ ਨੇ ਸਸਤਾ ਤੇ ਸਥਿਰ ਤੇਲ ਮਿਲ ਸਕੇ, ਇਸ ਲਈ ਰੂਸ ਤੋਂ ਤੇਲ ਦੀ ਖਰੀਦ ਵਧਾ ਦਿੱਤੀ। ਅਮਰੀਕਾ ਅਤੇ ਯੂਰਪੀ ਯੂਨੀਅਨ ਨੇ ਇਸ ਮਾਮਲੇ 'ਚ ਭਾਰਤ ਦੀ ਆਲੋਚਨਾ ਕੀਤੀ, ਪਰ ਇਹ ਦੇਸ਼ ਵੀ ਰੂਸ ਨਾਲ ਵਪਾਰ ਕਰ ਰਹੇ ਹਨ।
ਰੂਸ ਤੋਂ ਭਾਰਤ ਦੇ ਤੇਲ ਆਯਾਤ ਨੂੰ ਲੈ ਕੇ ਅਮਰੀਕਾ ਅਤੇ ਯੂਰਪੀ ਯੂਨੀਅਨ ਵਾਰ-ਵਾਰ ਸਵਾਲ ਕਰ ਚੁੱਕੇ ਹਨ। ਪਰ ਅਸਲ ਗੱਲ ਇਹ ਹੈ ਕਿ ਰੂਸ-ਯੂਕਰੇਨ ਜੰਗ ਤੋਂ ਬਾਅਦ ਯੂਰਪ ਨੇ ਆਪਣੇ ਪੁਰਾਣੇ ਸਪਲਾਇਰਾਂ ਤੋਂ ਤੇਲ ਲੈਣਾ ਬੰਦ ਕਰ ਦਿੱਤਾ, ਜੋ ਫਿਰ ਭਾਰਤ ਨੂੰ ਮਿਲਣ ਲੱਗ ਪਿਆ। ਇਸ ਹਾਲਤ ਵਿੱਚ, ਅਮਰੀਕਾ ਨੇ ਵੀ ਭਾਰਤ ਨੂੰ ਰੂਸ ਤੋਂ ਤੇਲ ਖਰੀਦਣ ਲਈ ਉਤਸ਼ਾਹਿਤ ਕੀਤਾ ਤਾਂ ਜੋ ਦੁਨੀਆ ਭਰ ਵਿੱਚ ਊਰਜਾ ਮਾਰਕੀਟ ਵਿਚ ਸਥਿਰਤਾ ਬਣੀ ਰਹੇ।
ਦੋਗਲੇਪਣ ਦਾ ਪਰਦਾਫਾਸ਼!
ਭਾਰਤ ਵੱਲੋਂ ਰੂਸ ਤੋਂ ਤੇਲ ਮੰਗਵਾਉਣਾ ਕਿਸੇ ਮਜ਼ਬੂਰੀ ਨਹੀਂ, ਸਗੋਂ ਲੋੜ ਸੀ। ਇਹ ਫੈਸਲਾ ਸਿਰਫ ਲੋਕਾਂ ਨੂੰ ਸਸਤਾ ਅਤੇ ਭਰੋਸੇਯੋਗ ਊਰਜਾ ਮੁਹੱਈਆ ਕਰਵਾਉਣ ਲਈ ਲਿਆ ਗਿਆ ਸੀ। ਇਹ ਕੋਈ ਰਾਜਨੀਤਕ ਕਦਮ ਨਹੀਂ ਸੀ, ਸਗੋਂ ਦੁਨੀਆ ਭਰ ਦੀ ਮੰਡੀ ਦੀ ਹਾਲਤ ਦੇ ਚਲਦੇ ਬਣੀ ਲੋੜ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਜੋ ਦੇਸ਼ ਭਾਰਤ ਦੀ ਆਲੋਚਨਾ ਕਰ ਰਹੇ ਹਨ, ਉਹ ਖੁਦ ਵੀ ਰੂਸ ਨਾਲ ਵਪਾਰ ਕਰ ਰਹੇ ਹਨ।
2024 ਵਿਚ ਯੂਰਪੀ ਯੂਨੀਅਨ ਅਤੇ ਰੂਸ ਵਿਚਕਾਰ ਵਪਾਰ 67.5 ਅਰਬ ਯੂਰੋ ਤੱਕ ਪਹੁੰਚ ਗਿਆ। ਇਨ੍ਹਾਂ ਦੇ ਵਿਚਕਾਰ 2023 ਵਿੱਚ ਸੇਵਾਵਾਂ ਦਾ ਵਪਾਰ ਵੀ 17.2 ਅਰਬ ਯੂਰੋ ਦੇ ਕਰੀਬ ਰਿਹਾ। ਇਹ ਭਾਰਤ-ਰੂਸ ਵਪਾਰ ਨਾਲੋਂ ਕਈ ਗੁਣਾ ਵੱਧ ਹੈ। 2024 ਵਿੱਚ ਯੂਰਪ ਨੇ ਰੂਸ ਤੋਂ 16.5 ਮਿਲੀਅਨ ਟਨ LNG (Liquefied natural gas) ਮੰਗਵਾਈ, ਜੋ ਕਿ 2022 ਦੇ ਪੁਰਾਣੇ ਰਿਕਾਰਡ 15.21 ਮਿਲੀਅਨ ਟਨ ਨੂੰ ਪਾਰ ਕਰ ਗਿਆ। ਇਸ ਵਪਾਰ ਵਿੱਚ ਊਰਜਾ ਦੇ ਨਾਲ-ਨਾਲ ਖਾਦਾਂ, ਖਣਨ ਉਤਪਾਦ, ਰਸਾਇਣ, ਲੋਹਾ-ਇਸਪਾਤ ਅਤੇ ਮਸ਼ੀਨਰੀ ਵੀ ਸ਼ਾਮਲ ਹਨ।
ਅਮਰੀਕਾ ਵੀ ਰੂਸ ਨਾਲ ਲਗਾਤਾਰ ਵਪਾਰ ਕਰ ਰਿਹਾ ਹੈ। ਉਹ ਆਪਣੀ ਨਿਊਕਲੀਅਰ ਇੰਡਸਟਰੀ ਲਈ ਯੂਰੇਨੀਅਮ ਹੈਕਸਾਫਲੋਰਾਈਡ, ਇਲੈਕਟ੍ਰਿਕ ਵਾਹਨ ਇੰਡਸਟਰੀ ਲਈ ਪੈਲੇਡੀਅਮ, ਅਤੇ ਖਾਦਾਂ ਤੇ ਰਸਾਇਣਾਂ ਦਾ ਆਯਾਤ ਕਰ ਰਿਹਾ ਹੈ। ਅਜਿਹੇ ਵਿੱਚ ਭਾਰਤ ਨੂੰ ਨਿਸ਼ਾਨਾ ਬਣਾਉਣਾ ਨਾ ਸਿਰਫ਼ ਗਲਤ ਹੈ, ਸਗੋਂ ਗਲੋਬਲ ਢੋਂਗ ਨੂੰ ਵੀ ਦਰਸਾਉਂਦਾ ਹੈ।
ਭਾਰਤ ਆਪਣੇ ਰਾਸ਼ਟਰੀ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰੇਗਾ। ਭਾਰਤ ਇੱਕ ਵੱਡੀ ਅਰਥਵਿਵਸਥਾ ਹੈ ਅਤੇ ਉਹ ਆਪਣੀ ਆਰਥਿਕ ਸੁਰੱਖਿਆ ਲਈ ਹਰ ਜ਼ਰੂਰੀ ਕਦਮ ਚੁੱਕੇਗਾ। ਜਿਹੜੇ ਦੇਸ਼ ਭਾਰਤ ਦੀ ਆਲੋਚਨਾ ਕਰ ਰਹੇ ਹਨ, ਉਨ੍ਹਾਂ ਨੂੰ ਪਹਿਲਾਂ ਆਪਣੀਆਂ ਨੀਤੀਆਂ ਅਤੇ ਅੰਕੜਿਆਂ ਨੂੰ ਵੇਖਣਾ ਚਾਹੀਦਾ ਹੈ।