ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਇਨਫੈਕਸ਼ਨ ਨਾਲ ਹਾਲਾਤ ਅਜੇ ਵੀ ਭਿਆਨਕ ਬਣੇ ਹੋਏ ਹਨ। ਹਰ ਦਿਨ ਤਿੰਨ ਲੱਖ ਤੋਂ ਸਾਢੇ ਤਿੰਨ ਲੱਖ ਦੇ ਕਰੀਬ ਜਾਂ ਇਸ ਤੋਂ ਜ਼ਿਆਦਾ ਨਵੇਂ ਕੇਸ ਆ ਰਹੇ ਹਨ ਤੇ ਕਰੀਬ ਚਾਰ ਹਜ਼ਾਰ ਮਰੀਜ਼ਾਂ ਦੀ ਮੌਤ ਹੋ ਰਹੀ ਹੈ। ਕੋਰੋਨਾ ਦੇ ਕੇਸ ਵਧਣ ਕਾਰਨ ਕਈ ਸੂਬਿਆਂ 'ਚ ਲੌਕਡਾਊਨ ਲਾਉਣਾ ਪਿਆ ਹੈ।
ਹਾਲਾਂਕਿ ਚੰਗੀ ਗੱਲ ਇਹ ਹੈ ਕਿ ਭਾਰਤ ਅਜੇ ਵੀ ਦੁਨੀਆਂ ਦੇ ਕਈ ਦੇਸ਼ਾਂ ਦੇ ਮੁਕਾਬਲੇ ਬਿਹਤਰ ਥਾਂ ਹੈ। ਅਮਰੀਕਾ ਦੇ ਜੌਨ ਹਾਪਕਿਨਸ ਯੂਨੀਵਰਸਿਟੀ ਨੇ ਦੁਨੀਆਂ ਤਮਾਮ ਦੇਸ਼ਾਂ ਦੇ ਡਾਟਾ ਦਾ ਵਿਸ਼ਲੇਸ਼ਣ ਕਰਦਿਆਂ ਇਕ ਰਿਪੋਰਟ ਜਾਰੀ ਕੀਤੀ ਹੈ। ਇਸ 'ਚ ਕਿਹਾ ਗਿਆ ਹੈ ਕਿ ਭਾਰਤ ਹੁਣ ਵੀ ਸਭ ਤੋਂ ਸੁਰੱਖਿਅਤ ਦੇਸ਼ਾਂ 'ਚੋਂ ਇਕ ਹੈ। ਫਰਾਂਸ, ਆਸਟਰੇਲੀਆ, ਜਰਮਨੀ, ਅਮਰੀਕਾ ਸਵੀਡਨ, ਬ੍ਰਿਟੇਨ ਤੇ ਇਟਲੀ ਜਿਹੇ ਦੇਸ਼ਾਂ ਦੇ ਮੁਕਾਬਲੇ ਭਾਰਤ ਜ਼ਿਆਦਾ ਸੁਰੱਖਿਅਤ ਦੇਸ਼ ਹੈ।
ਬੈਲਜੀਅਮ 'ਚ ਪ੍ਰਤੀ ਇਕ ਲੱਖ ਦੀ ਜਨਸੰਖਿਆ ਦੇ ਆਧਾਰ 'ਤੇ ਸਭ ਤੋਂ ਜ਼ਿਆਦਾ ਮੌਤਾਂ ਜੌਨ ਹਾਪਕਿਨਸ ਯੂਨੀਵਰਸਿਟੀ ਨੇ ਕੁੱਲ ਮਰੀਜ਼ਾਂ ਦੇ ਆਧਾਰ 'ਤੇ ਮੌਤ ਦਰ ਤੇ ਪ੍ਰਤੀ ਇਕ ਲੱਖ ਦੀ ਜਨਸੰਖਿਆ ਦੇ ਆਧਾਰ 'ਤੇ ਮੌਤ ਦਰ ਅੰਕੜੇ ਜਾਰੀ ਕੀਤੇ ਹਨ। ਇਸ 'ਚ ਦੱਸਿਆ ਗਿਆ ਹੈ ਕਿ ਬੈਲਜੀਅਮ 'ਚ ਪ੍ਰਤੀ ਇਕ ਲੱਖ ਦੀ ਜਨਸੰਖਿਆ ਦੇ ਆਧਾਰ 'ਤੇ 214 ਮੌਤਾਂ, ਇਟਲੀ 'ਚ 204, ਬ੍ਰਿਟੇਨ 'ਚ 191 ਤੇ ਅਮਰੀਕਾ 'ਚ 177 ਮੌਤਾਂ ਹੋ ਰਹੀਆਂ ਹਨ। ਜਦਕਿ ਭਾਰਤ 'ਚ ਪ੍ਰਤੀ ਇਕ ਲੱਖ ਦੀ ਜਨਸੰਖਿਆ ਦੇ ਆਧਾਰ 'ਤੇ ਮੌਤਾਂ ਦਾ ਅੰਕੜਾ 18.01 ਹੈ।
ਫਰਾਂਸ 'ਚ ਪ੍ਰਤੀ ਇਕ ਲੱਖ ਦੀ ਜਨਸੰਖਿਆ ਤੇ ਮੌਤਾਂ ਦਾ ਅੰਕੜਾ 159, ਸਵੀਡਨ 'ਚ 138 ਹੋਰ ਸਵਿਟਜ਼ਰਲੈਂਡ 'ਚ 125 ਹੈ। ਜੌਨ ਹੌਪਕਿਨਸ ਯੂਨੀਵਰਸਿਟੀ ਨੇ ਅਜਿਹੇ 20 ਦੇਸ਼ਾਂ ਦੀ ਲਿਸਟ ਜਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਭਾਰਤ ਕੁੱਲ ਇਨਫੈਕਟਡ ਦੇ ਮਾਮਲੇ 'ਚ ਵਿਸ਼ਵ 'ਚ ਦੂਜੇ ਨੰਬਰ 'ਤੇ ਹੈ।
ਭਾਰਤ 'ਚ ਮੌਤ ਦਰ 1.09 ਫੀਸਦ
ਸਿਹਤ ਮੰਤਰਾਲੇ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਮੁਤਾਬਕ, ਪਿਛਲੇ 24 ਘੰਟਿਆਂ 'ਚ 3,26,098 ਨਵੇਂ ਕੋਰੋਨਾ ਕੇਸ ਆਏ ਤੇ 3890 ਇਨਫੈਕਟਡ ਮਰੀਜ਼ਾਂ ਦੀ ਜਾਨ ਚਲੀ ਗਈ ਹੈ। ਉੱਥੇ ਹੀ 3,53,299 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਦੇਸ਼ 'ਚ ਕੋਰੋਨਾ ਨਾਲ ਮੌਤ ਦਰ 1.09 ਫੀਸਦ ਹੈ ਜਦਕਿ ਰਿਕਵਰੀ ਰੇਟ 83 ਫੀਸਦ ਤੋਂ ਜ਼ਿਆਦਾ ਹੈ।