ਨਵੀਂ ਦਿੱਲੀ: ਅਮਰੀਕਾ 'ਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਹਰਾਉਣ ਤੋਂ ਬਾਅਦ ਜੋਅ ਬਾਈਡੇਨ ਨੇ ਆਪਣੇ ਪ੍ਰਸ਼ਾਸਨ 'ਚ ਕਈ ਵੱਡੇ ਅਹੁਦਿਆਂ 'ਤੇ ਭਾਰਤੀ ਲੋਕਾਂ ਨੂੰ ਪਹਿਲ ਦਿੱਤੀ ਹੈ। ਜਿਸ 'ਚ ਸਭ ਤੋਂ ਮਹੱਤਵਪੂਰਣ ਨਾਮ ਕਮਲਾ ਹੈਰਿਸ ਦਾ ਚੁਣਿਆ ਗਿਆ ਹੈ, ਜੋ ਉਪ-ਰਾਸ਼ਟਰਪਤੀ ਚੁਣੇ ਗਏ ਹਨ। ਇਸ ਦੇ ਨਾਲ ਹੀ ਹੁਣ ਰਾਸ਼ਟਰਪਤੀ ਜੋਅ ਬਾਈਡੇਨ ਨੇ ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਨਾਮਜ਼ਦ ਕੀਤਾ ਹੈ।


 


ਇਸ ਤੋਂ ਪਹਿਲਾਂ, ਜਦੋਂ ਬਾਈਡੇਨ ਰਾਸ਼ਟਰਪਤੀ ਅਹੁਦੇ ਦੇ ਲਈ ਚੁਣੇ ਗਏ ਸਨ, ਉਦੋਂ ਉਨ੍ਹਾਂ ਨੂੰ ਬਾਈਡੇਨ ਸਰਕਾਰ ਵਿੱਚ ਵੀ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਸੀ। ਟੰਡਨ ਨੂੰ ਵ੍ਹਾਈਟ ਹਾਊਸ ਦੇ ਦਫਤਰ ਦਾ ਪ੍ਰਬੰਧਨ ਅਤੇ ਬਜਟ ਦਾ ਡਾਇਰੈਕਟਰ ਬਣਾਇਆ ਗਿਆ ਸੀ। ਇਸ ਦੇ ਨਾਲ ਹੀ ਕਾਫੀ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਨੀਰਾ ਨੇ ਆਪਣੀ ਨਾਮਜ਼ਦਗੀ ਵਾਪਸ ਲੈ ਲਈ।


 


ਖ਼ਬਰਾਂ ਅਨੁਸਾਰ, ਉਹ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਅਤੇ ਡੈਮੋਕਰੇਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੀ ਕਰੀਬੀ ਸਹਿਯੋਗੀ ਰਹੀ ਹੈ। ਟੰਡਨ ਨੇ ਓਬਾਮਾ ਸਰਕਾਰ 'ਚ 'ਅਫੋਰਡੇਬਲ ਕੇਅਰ ਐਕਟ' ਪਾਸ ਕਰਨ 'ਚ ਸਹਾਇਤਾ ਕੀਤੀ ਸੀ। 


 


ਗੈਰ ਮੁਨਾਫਾ ਸੰਗਠਨ ‘ਇੰਡੀਆਸਪੋਰਾ’ ਦੇ ਸੰਸਥਾਪਕ ਐਮਆਰ ਰੰਗਾਸਵਾਮੀ ਨੇ ਕਿਹਾ, "ਅਗਲੇ ਪ੍ਰਸ਼ਾਸਨ ਵਿੱਚ ਨੀਰਾ ਟੰਡਨ ਨੂੰ ਕੈਬਨਿਟ ਪੱਧਰ ਦੇ ਅਹੁਦੇ ਲਈ ਨਾਮਜ਼ਦ ਕੀਤੇ ਜਾਣ ਦੀ ਸੰਭਾਵਨਾ ਭਾਰਤੀ ਅਮਰੀਕੀਆਂ ਲਈ ਇੱਕ ਹੋਰ ਮਾਣ ਵਾਲਾ ਦਿਨ ਹੈ। ਉਨ੍ਹਾਂ ਦੀ ਜ਼ਿੰਮੇਵਾਰੀ ਬਹੁਤ ਵਿਸ਼ਾਲ ਹੋਵੇਗੀ। ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਡਾ ਭਾਈਚਾਰਾ ਰਾਜਨੀਤਿਕ ਤੌਰ 'ਤੇ ਬਹੁਤ ਮਜ਼ਬੂਤ ​​ਹੋ ਗਿਆ ਹੈ।”