ਨਵੀਂ ਦਿੱਲੀ: ਕੋਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਡੀਆਰਡੀਓ ਦੀ ਦਵਾਈ '2-ਡੀਜੀ' ਦੇ 10 ਹਜ਼ਾਰ ਡੋਜ਼ ਦਾ ਪਹਿਲਾ ਬੈਚ ਅਗਲੇ ਹਫਤੇ ਦੇ ਸ਼ੁਰੂ ਵਿੱਚ ਲੌਂਚ ਕੀਤਾ ਜਾਵੇਗਾ। ਡੀਆਰਡੀਓ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਭਵਿੱਖ ਵਿੱਚ ਦਵਾਈ ਦੀ ਵਰਤੋਂ ਲਈ ਉਤਪਾਦਨ ਵਿੱਚ ਤੇਜ਼ੀ ਲਿਆਉਣ ਲਈ ਕੰਮ ਕੀਤਾ ਜਾ ਰਿਹਾ ਹੈ। ਇਹ ਦਵਾਈ ਡੀਆਰਡੀਓ ਵਿਗਿਆਨੀਆਂ ਦੀ ਟੀਮ ਦੁਆਰਾ ਬਣਾਈ ਗਈ ਹੈ, ਜਿਸ 'ਚ ਡਾ. ਅਨੰਤ ਨਾਰਾਇਣ ਭੱਟ ਵੀ ਸ਼ਾਮਲ ਹਨ।


 


ਕੱਲ੍ਹ ਕਰਨਾਟਕ ਦੇ ਸਿਹਤ ਮੰਤਰੀ ਡਾ. ਕੇ ਸੁਧਾਕਰ ਨੇ ਡੀਆਰਡੀਓ ਕੈਂਪਸ ਦਾ ਦੌਰਾ ਕੀਤਾ। ਡੀਆਰਡੀਓ ਦੇ ਵਿਗਿਆਨੀਆਂ ਨੇ ਮੰਤਰੀ ਨੂੰ 2 ਡੀਜੀ ਦਵਾਈ ਬਾਰੇ ਜਾਣਕਾਰੀ ਦਿੱਤੀ ਜੋ ਕੋਵਿਡ ਦੀ ਲੜਾਈ 'ਚ ਗੇਮ-ਚੇਂਜਰ ਹੋ ਸਕਦੀ ਹੈ। ਸਿਹਤ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ਵਿੱਚ ਸੁਧਾਕਰ ਦੇ ਹਵਾਲੇ ਨਾਲ ਕਿਹਾ ਗਿਆ, “ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਵਿਕਸਤ 2-ਡੀਜੀ ਇੱਕ ਵੱਡੀ ਪ੍ਰਾਪਤੀ ਹੈ। ਇਹ ਮਹਾਂਮਾਰੀ ਨਾਲ ਨਜਿੱਠਣ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੀ ਹੈ। ਹਸਪਤਾਲਾਂ ਵਿੱਚ ਦਾਖਲ ਮਰੀਜ਼ਾਂ ਨੂੰ ਤੇਜ਼ੀ ਨਾਲ ਠੀਕ ਹੋਣ ਵਿੱਚ ਸਹਾਇਤਾ ਕਰੇਗੀ ਤੇ ਅਤੇ ਮੈਡੀਕਲ ਆਕਸੀਜਨ 'ਤੇ ਨਿਰਭਰਤਾ ਵੀ ਘੱਟ ਜਾਵੇਗੀ।"


 


ਅਪ੍ਰੈਲ 2020 'ਚ ਮਹਾਂਮਾਰੀ ਦੀ ਪਹਿਲੀ ਲਹਿਰ ਦੌਰਾਨ, ਆਈਐਨਐਮਏਐਸ-ਡੀਆਰਡੀਓ ਵਿਗਿਆਨੀਆਂ ਨੇ ਪ੍ਰਯੋਗਸ਼ਾਲਾ ਦੇ ਟੈਸਟ ਕੀਤੇ। ਉਨ੍ਹਾਂ ਨੇ ਪਾਇਆ ਕਿ ਇਹ ਦਵਾਈ ਸਾਰਸ-ਸੀਓਵੀ-2 ਵਿਸ਼ਾਣੂ ਵਿਰੁੱਧ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਦੀ ਹੈ ਅਤੇ ਵਾਇਰਸ ਦੇ ਵਾਧੇ ਨੂੰ ਰੋਕਦੀ ਹੈ। ਮਈ 2020 'ਚ ਕੋਵਿਡ ਦੇ ਮਰੀਜ਼ਾਂ 'ਚ 2-ਡੀਜੀ ਦੇ ਪੜਾਅ ਦੇ ਕਲੀਨਿਕਲ ਟਰਾਇਲਾਂ ਦੀ ਆਗਿਆ ਦਿੱਤੀ ਗਈ। ਮਈ ਤੋਂ ਅਕਤੂਬਰ 2020 ਦੇ ਦੌਰਾਨ ਕਰਵਾਏ ਗਏ ਫੇਜ਼ -2 ਟਰਾਇਲ ਨੇ ਡਰੱਗ ਨੂੰ ਸੁਰੱਖਿਅਤ ਪਾਇਆ ਅਤੇ ਉਨ੍ਹਾਂ ਦੀ ਰਿਕਵਰੀ 'ਚ ਮਹੱਤਵਪੂਰਣ ਸੁਧਾਰ ਦਿਖਾਇਆ। ਫੇਜ਼ -2 'ਚ 110 ਮਰੀਜ਼ਾਂ ਦੀ ਜਾਂਚ ਕੀਤੀ ਗਈ।


 


ਡੀਸੀਜੀਆਈ ਨੇ ਸਫਲ ਨਤੀਜਿਆਂ ਦੇ ਅਧਾਰ 'ਤੇ ਨਵੰਬਰ 2020 'ਚ ਪੜਾਅ -3 ਕਲੀਨਿਕਲ ਅਜ਼ਮਾਇਸ਼ ਦੀ ਆਗਿਆ ਦਿੱਤੀ। ਪੜਾਅ -3 ਕਲੀਨਿਕਲ ਟਰਾਇਲ 220 ਮਰੀਜ਼ਾਂ 'ਤੇ ਦਸੰਬਰ 2020 ਤੋਂ ਮਾਰਚ 2021 ਦਰਮਿਆਨ ਦਿੱਲੀ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਗੁਜਰਾਤ, ਰਾਜਸਥਾਨ, ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ ਅਤੇ ਤਾਮਿਲਨਾਡੂ ਦੇ 27 ਕੋਵਿਡ ਹਸਪਤਾਲਾਂ ਵਿੱਚ ਕੀਤੇ ਗਏ। ਤੀਜੇ ਫੇਜ਼ ਦੇ ਕਲੀਨਿਕਲ ਟਰਾਇਲ ਦਾ ਵਿਸਥਾਰਤ ਅੰਕੜਾ ਡੀਸੀਜੀਆਈ ਨੂੰ ਪੇਸ਼ ਕੀਤਾ ਗਿਆ। ਮਰੀਜ਼ਾਂ ਵਿੱਚ ਲੱਛਣਾਂ ਦਾ ਕਾਫ਼ੀ ਜ਼ਿਆਦਾ ਅਨੁਪਾਤ 'ਚ ਸੁਧਾਰ ਦੇਖਿਆ ਗਿਆ। ਅਜਿਹਾ ਹੀ ਰੁਝਾਨ 65 ਸਾਲਾਂ ਤੋਂ ਵੱਧ ਉਮਰ ਦੇ ਮਰੀਜ਼ਾਂ ਵਿੱਚ ਦੇਖਿਆ ਗਿਆ।