ਨਵੀਂ ਦਿੱਲੀ: ਭਾਰਤ ਅਤੇ ਜਾਪਾਨ ‘ਚ ਪਹਿਲੀ ਰੱਖਿਆ ਅਤੇ ਵਿਦੇਸ਼ ਮੰਤਰੀ ਪੱਧਰ 2+2 ਵਾਰਤਾ ਸ਼ਨੀਵਾਰ ਨੂੰ ਨਵੀਂ ਦਿੱਲੀ ‘ਚ ਹੋਵੇਗੀ। ਇਹ ਗੱਲਬਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਆਬੇ ‘ਚ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਅਹਿਮ ਹੈ, ਜਿਸ ‘ਚ ਕਈ ਰਣਨੀਤਕ ਸਹਿਯੋਗ ਪ੍ਰੋਜੈਕਟਾਂ ‘ਤੇ ਚਰਚਾ ਹੋਵੇਗੀ।


ਵਿਦੇਸ਼ ਮੰਤਰਾਲਾ ਮੁਤਾਬਕ ਇਹ ਬੈਠਕ ਅਕਤੂਬਰ 2018 ‘ਚ ਜਾਪਾਨ ‘ਚ ਹੋਣ ਵਾਲੀ 13ਵੀਂ ਭਾਰਤ-ਜਾਪਾਨ ਸਲਾਨਾ ਸ਼ਿਖਰ ਸਮੇਲਨ ਦੌਰਾਨ ਪ੍ਰਧਾਨਮੰਤਰੀ ਮੋਦੀ ਅਤੇ ਪ੍ਰਧਾਨਮੰਤਰੀ ਆਬੇ ‘ਚ ਬਣੀ ਰਜਾਮੰਦੀ ਦੀ ਕੜੀ ਹੈ। ਦੋ-ਪੱਖੀ ਸੁਰੱਖਿਆ ਅਤੇ ਰੱਖਿਆ ਸਹਿਯੋਗ ਨੂੰ ਜ਼ਿਆਦਾ ਡੂੰਘਾ ਬਣਾਉਨ ਦੇ ਲਈ ਦੋ ਮੰਤਰੀ ਪੱਧਰ ਲਈ ਇਹ ਸੰਵਾਦ ਪ੍ਰਕਿਰਿਆ ਸਥਾਪਤ ਕੀਤੀ ਜਾ ਰਹੀ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਇਸ 2+2 ਵਾਰਤਾ ਲਈ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ, ਜਦਕਿ ਜਾਪਾਨੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰੀ ਤੋਸ਼ੀਮਿਤਸੁ ਮੋਟੇਗੀ ਅਤੇ ਰੱਖਿਆ ਮੰਤਰੀ ਤਾਓ ਕੋਨੋ ਕਰਨਗੇ। ਵਿਦੇਸ਼ ਮੰਤਰਾਲੇ ਮੁਤਾਬਕ ਇਸ ਬੈਠਕ ‘ਚ ਭਾਰਤ-ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਭਾਈਵਾਲੀ ਨੂੰ ਵਧੇਰੇ ਡੂੰਘਾਈ ਦੇਣ ਲਈ ਦੋਵਾਂ ਧਿਰਾਂ ਦਰਮਿਆਨ ਰੱਖਿਆ ਅਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨ ‘ਤੇ ਵਿਚਾਰ ਵਟਾਂਦਰੇ ਹੋਣਗੇ।

ਅਮਰੀਕਾ ਤੋਂ ਬਾਅਦ ਜਾਪਾਨ ਦੂਸਰਾ ਦੇਸ਼ ਹੈ ਜਿਸ ਨਾਲ ਭਾਰਤ 2+2 ਵਾਰਤਾ ‘ਚ ਭਾਈਵਾਲ ਬਣ ਗਿਆ ਹੈ। ਸਰਕਾਰੀ ਸੂਤਰਾਂ ਮੁਤਾਬਕ ਇਹ ਗੱਲਬਾਤ ਭਾਰਤ ਅਤੇ ਜਾਪਾਨ ਦਰਮਿਆਨ ਨਵੇਂ ਰਣਨੀਤਕ ਪ੍ਰਾਜੈਕਟਾਂ ਅਤੇ ਸਾਂਝੇਦਾਰੀ ਦੀ ਪੜਚੋਲ ਕਰਨ ‘ਤੇ ਕੇਂਦਰਤ ਹੋਵੇਗੀ। ਭਾਰਤ ਅਤੇ ਜਾਪਾਨ ਵਿਚਾਲੇ ਵਿਸ਼ੇਸ਼ ਤੌਰ 'ਤੇ ਏਸ਼ੀਆ ਪ੍ਰਸ਼ਾਂਤ ਖੇਤਰ ‘ਚ ਸਾਂਝੇ ਸਹਿਯੋਗ ਪ੍ਰਾਜੈਕਟਾਂ 'ਤੇ ਵੀ ਵਿਚਾਰ ਵਟਾਂਦਰੇ ਹੋਣਗੇ