ਚੰਡੀਗੜ੍ਹ: ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਲੋਕਾਂ ਨੂੰ ਲੁਭਾਉਣ ਲਈ ਹਰ ਹੀਲਾ ਵਰਤ ਰਹੀ ਹੈ। ਹੁਣ ਕੇਂਦਰ ਸਰਕਾਰ ਨੇ 8ਵੀਂ ਪਾਸ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦੀ ਨਵੀਂ ਪਹਿਲ ਕੀਤੀ ਹੈ। ਇਸ ਲਈ ਸਰਕਾਰ ਡਾਕ ਵਿਭਾਗ ਪੋਸਟਲ ਫ੍ਰੈਂਚਾਇਜ਼ੀ ਸਕੀਮ ਲਾਂਚ ਕਰੇਗੀ। ਨੌਜਵਾਨ ਪੋਸਟ ਆਫ਼ਿਸ ਜ਼ਰੀਏ ਘਰ ਬੈਠੇ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਇਸ ਤੋਂ ਹਰ ਮਹੀਨੇ 50 ਹਜ਼ਾਰ ਰੁਪਏ ਤਕ ਦੀ ਕਮਾਈ ਕੀਤੀ ਜਾ ਸਕਦੀ ਹੈ। ਨੌਜਵਾਨ ਨੂੰ ਸਿਰਫ 5 ਹਜ਼ਾਰ ਰੁਪਏ ਜ਼ਮਾਨਤ ਰਕਮ ਵਜੋਂ ਜਮ੍ਹਾ ਕਰਵਾਉਣੇ ਪੈਣਗੇ।

ਕਿਵੇਂ ਖੋਲ੍ਹੀ ਜਾਏ ਫ੍ਰੈਂਚਾਇਜ਼ੀ?
ਪੋਸਟ ਆਫਿਸ ਦੀ ਫ੍ਰੈਂਚਾਇਜ਼ੀ ਖੋਲ੍ਹਣ ਲਈ ਸਭ ਤੋਂ ਪਹਿਲਾਂ ਫਾਰਮ ਭਰ ਕੇ ਜਮ੍ਹਾ ਕਰਾਉਣਾ ਪਏਗਾ। ਤੁਹਾਡੇ ਚੋਣ ਹੋਣ ਬਾਅਦ ਇੰਡੀਆ ਪੋਸਟ ਨਾਲ MOU ’ਤੇ ਹਸਤਾਖ਼ਰ ਹੋਣਗੇ। ਇਸ ਲਈ ਘੱਟੋ-ਘੱਟ ਯੋਗਤਾ 8ਵੀਂ ਪਾਸ ਹੋਣਾ ਜ਼ਰੂਰੀ ਹੈ। ਪੋਸਟ ਆਫ਼ਿਸ ਦੀ ਫ੍ਰੈਂਚਾਇਜ਼ੀ ਤੋਂ ਕਮਿਸ਼ਨ ਦੇ ਆਧਾਰ ’ਤੇ ਕਮਾਈ ਹੋਏਗੀ। ਪੋਸਟ ਆਫ਼ਿਸ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸੇਵਾਵਾਂ ’ਤੇ ਕਮਿਸ਼ਨ ਮਿਲੇਗਾ।

ਰਜਿਸਟਰਡ ਚੀਜ਼ਾਂ ਦੀ ਬੁਕਿੰਗ ’ਤੇ 3 ਰੁਪਏ ਕਮਿਸ਼ਨ ਦਿੱਤਾ ਜਾਏਗਾ। ਸਪੀਡ ਪੋਸਟ ’ਤੇ 5 ਰੁਪਏ, 100 ਤੋਂ 200 ਰੁਪਏ ਦੇ ਮਨੀਆਰਡਰ ’ਤੇ 3.50 ਤੇ 200 ਰੁਪਏ ਤੋਂ ਜ਼ਿਆਦਾ ਦੇ ਮਨੀਆਰਡਰ ’ਤੇ 5 ਰੁਪਏ ਦਾ ਕਮਿਸ਼ਨ ਮਿਲੇਗਾ। ਹਰ ਮਹੀਨੇ ਰਜਿਸਟਰੀ ਤੇ ਸਪੀਡ ਪੋਸਟ ਦੇ 1000 ਤੋਂ ਵੱਧ ਬੁਕਿੰਗ ’ਤੇ 20 ਫੀਸਦੀ ਵਾਧੂ ਕਮਿਸ਼ਨ ਮਿਲੇਗਾ।

ਇਸੇ ਤਰ੍ਹਾਂ ਪੋਸਟੇਜ ਸਟਾਂਪ, ਪੋਸਟਲ ਸਟੇਸ਼ਨਰੀ ਤੇ ਮਨੀਆਰਡਰ ਫਾਰਮ ਦੀ ਵਿਕਰੀ ’ਤੇ ਵੀ ਵੇਚਮੁੱਲ ਦਾ 5 ਫੀਸਦੀ ਕਮਿਸ਼ਨ ਮਿਲੇਗਾ। ਮਾਲੀਆ ਸਟੈਂਪ ਤੇ ਸੈਂਟਰਲ ਰਿਕਰੂਟਮੈਂਟ ਵਰਗੀਆਂ ਸਟਾਂਪ ਦੀ ਵਿਕਰੀ ਸਮੇਤ ਰਿਟੇਲ ਸੇਵਾਵਾਂ ’ਤੇ ਡਾਕ ਵਿਭਾਗ ਨੂੰ ਹੋਈ ਕਮਾਈ ਦਾ 40 ਫੀਸਦੀ ਕਮਿਸ਼ਨ ਦਿੱਤਾ ਜਾਏਗਾ। ਜ਼ਿਆਦਾ ਜਾਣਕਾਰੀ ਲਈ https://www.indiapost.gov.in/VAS/Pages/Content/Franchise_Scheme.aspx ’ਤੇ ਕਲਿੱਕ ਕਰੋ।

ਦੱਸ ਦੇਈਏ ਕਿ ਪੋਸਟ ਆਫਿਸ ਅਜਿਹੀ ਥਾਂ ਖੋਲ੍ਹਿਆ ਜਾ ਸਕਦਾ ਹੈ ਜਿੱਥੇ ਇਸ ਦੀ ਸਹੂਲਤ ਨਹੀਂ ਹੈ। ਸਕੀਮ ਦੀ ਚੰਗੀ ਗੱਲ ਇਹ ਹੈ ਕਿ ਇਸ ਨੂੰ ਸ਼ੁਰੂ ਕਰਨ ਲਈ ਕਿਸੇ ਦੁਕਾਨ ਜਾਂ ਦਫ਼ਤਰ ਦੀ ਲੋੜ ਨਹੀਂ, ਘਰ ਤੋਂ ਹੀ ਕਾਰੋਬਾਰ ਸ਼ੁਰੂ ਕੀਤਾ ਜਾ ਸਕਦਾ ਹੈ। ਸਮੇਂ ਦੀ ਵੀ ਕੋਈ ਪਾਬੰਧੀ ਨਹੀਂ। ਨੌਜਵਾਨ ਆਪਣੇ ਹਿਸਾਬ ਨਾਲ ਕੰਮ ਕਰ ਸਕਦਾ ਹੈ। 24 ਘੰਟੇ ਦੀ ਸਹੂਲਤ ਵੀ ਦਿੱਤੀ ਜਾ ਸਕਦਾ ਹੈ।

ਇੰਡੀਆ ਪੋਸਟ ਨੇ ਨੌਜਵਾਨਾਂ ਤੋਂ ਇਲਾਵਾ ਪਾਨਵਾਲਿਆਂ, ਕਰਿਆਨੇ ਦੀ ਦੁਕਾਨ ਵਾਲਿਆਂ, ਸਟੇਸ਼ਨਰੀ ਸ਼ਾਪ, ਛੋਟੇ ਦੁਕਾਨਦਾਰ, ਕਾਰਨਰ ਸ਼ਾਪ ਆਦਿ ਨੂੰ ਵੀ ਇਹ ਕਾਰੋਬਾਰ ਕਰਨ ਦਾ ਮੌਕਾ ਦਿੱਤਾ ਹੈ। ਇਸ ਦੇ ਲਈ ਵਿਅਕਤੀ ਦੀ ਉਮਰ ਘੱਟ ਤੋਂ ਘੱਟ 18 ਸਾਲ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਹ ਘੱਟ ਤੋਂ ਘੱਟ 8ਵੀਂ ਪਾਸ ਹੋਣਾ ਚਾਹੀਦਾ ਹੈ ਤੇ ਕੰਪਿਊਟਰ ਦਾ ਬੁਨਿਆਦੀ ਗਿਆਨ ਹੋਣਾ ਲਾਜ਼ਮੀ ਹੈ।