Loktantra Bachao Rally : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਵਿਰੋਧੀ ਧਿਰ ਨੇ ਰਾਜਧਾਨੀ ਵਿੱਚ ਰੈਲੀ ਸੱਦੀ ਹੈ। ਇਸ ਨੂੰ INDIA ਗਠਜੋੜ ਦੀ ਤਾਕਤ ਦੇ ਪ੍ਰਦਰਸ਼ਨ ਵਜੋਂ ਵੇਖਿਆ ਜਾ ਰਿਹਾ ਹੈ। ਇਸ ਰੈਲੀ ਵਿੱਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਲਾਲੂ ਯਾਦਵ, ਮਮਤਾ ਬੈਨਰਜੀ, ਫਾਰੂਕ ਅਬਦੁੱਲਾ, ਐਮਕੇ ਸਟਾਲਿਨ, ਊਧਵ ਠਾਕਰੇ, ਅਖਿਲੇਸ਼ ਯਾਦਵ ਸਮੇਤ ਕਰੀਬ 27-28 ਪਾਰਟੀਆਂ ਦੇ ਨੇਤਾਵਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਕਾਂਗਰਸ ਨੇ ਸ਼ਨੀਵਾਰ ਨੂੰ ਕਿਹਾ ਕਿ ਵਿਰੋਧੀ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਇੰਸ' (ਇੰਡੀਆ) ਦੀ ਰਾਮਲੀਲਾ ਮੈਦਾਨ 'ਚ ਆਯੋਜਿਤ ਕੀਤੀ ਜਾਣ ਵਾਲੀ 'ਲੋਕਤੰਤਰ ਬਚਾਓ ਰੈਲੀ' ਦਾ ਉਦੇਸ਼ ਕਿਸੇ ਵਿਅਕਤੀ ਦੀ ਰੱਖਿਆ ਕਰਨਾ ਨਹੀਂ, ਸਗੋਂ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣਾ ਹੈ।
ਕਾਂਗਰਸ ਭਾਜਪਾ ਨੂੰ ਦੇਵੇਗੀ ਸਖ਼ਤ ਸੰਦੇਸ਼
ਵਿਰੋਧੀ ਧਿਰ ਕਾਂਗਰਸ ਨੇ ਕਿਹਾ ਕਿ ਐਤਵਾਰ ਦੀ ਰੈਲੀ ਲੋਕ ਕਲਿਆਣ ਮਾਰਗ (ਜਿੱਥੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਸਥਿਤ ਹੈ) ਨੂੰ "ਮਜ਼ਬੂਤ ਸੰਦੇਸ਼" ਦੇਵੇਗੀ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਸਰਕਾਰ ਦਾ "ਸਮਾਂ ਪੂਰਾ ਹੋ ਗਿਆ ਹੈ।"
ਰੈਲੀ ਨੂੰ ਲੈ ਕੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਦੱਸਿਆ ਕਿ ਇਸ ਰੈਲੀ ਨੂੰ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਮੇਤ ਹੋਰ ਸੀਨੀਅਰ ਨੇਤਾ ਸੰਬੋਧਨ ਕਰਨਗੇ।
'ਇਹ ਲੋਕਤੰਤਰ ਬਚਾਓ ਰੈਲੀ'
ਰਮੇਸ਼ ਨੇ ਕਿਹਾ, ''ਇਹ ਰੈਲੀ ਕਿਸੇ ਵਿਅਕਤੀ ਵਿਸ਼ੇਸ਼ 'ਤੇ ਕੇਂਦ੍ਰਿਤ ਨਹੀਂ ਹੈ। ਇਸ ਲਈ ਇਸ ਨੂੰ ‘ਲੋਕਤੰਤਰ ਬਚਾਓ’ ਰੈਲੀ ਕਿਹਾ ਜਾ ਰਿਹਾ ਹੈ। ਇਹ ਕਿਸੇ ਇੱਕ ਪਾਰਟੀ ਦੀ ਰੈਲੀ ਨਹੀਂ ਹੈ, ਇਸ ਵਿੱਚ ਕਰੀਬ 27-28 ਪਾਰਟੀਆਂ ਸ਼ਾਮਲ ਹਨ। ਇਸ ਰੈਲੀ ਵਿੱਚ ‘ਇੰਡੀਆ’ ਗਠਜੋੜ ਦੇ ਸਾਰੇ ਹਿੱਸੇ ਸ਼ਾਮਲ ਹੋਣਗੇ।
ਉਨ੍ਹਾਂ ਦੀ ਇਹ ਟਿੱਪਣੀ ਇਸ ਨਜ਼ਰੀਏ ਤੋਂ ਅਹਿਮ ਹੈ ਕਿ ਆਮ ਆਦਮੀ ਪਾਰਟੀ (ਆਪ) ਦੇ ਆਗੂ ਇਸ ਰੈਲੀ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦੇ ਵਿਰੋਧ ਵਿੱਚ ਕੀਤੀ ਗਈ ਰੈਲੀ ਵਜੋਂ ਪੇਸ਼ ਕਰ ਰਹੇ ਹਨ।
ਇਹ ਪੁੱਛੇ ਜਾਣ 'ਤੇ ਕਿ ਕੀ ਸੋਨੀਆ ਗਾਂਧੀ ਰੈਲੀ 'ਚ ਸ਼ਾਮਲ ਹੋਵੇਗੀ, ਰਮੇਸ਼ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਖੜਗੇ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਯਕੀਨੀ ਤੌਰ 'ਤੇ ਸ਼ਿਰਕਤ ਕਰਨਗੇ ਜਦਕਿ ਸੋਨੀਆ ਗਾਂਧੀ ਵੀ ਸ਼ਾਮਲ ਹੋ ਸਕਦੀ ਹੈ।