ਦਾਵੇਸ: ਹਾਲ ਹੀ ਵਿੱਚ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਨੇ ਕਿਹਾ ਸੀ ਕਿ ਵਿਕਾਸ ਦੇ ਮਾਮਲੇ ਵਿੱਚ ਭਾਰਤ ਚੀਨ ਨੂੰ ਵੀ ਪਛਾੜ ਦੇਵੇਗਾ। ਹੁਣ ਉਨ੍ਹਾਂ ਨੇ ਚੋਣ ਮਾਹੌਲ ਵਿੱਚ ਭਾਰਤ ਵਿੱਚ ਨੌਕਰੀਆਂ ਸਬੰਧੀ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਅਗਲੀ ਸਰਕਾਰ ਲਈ ਸਿਰਫ ਵਿਕਾਸ ਦਰ ਵਿੱਚ ਤੇਜ਼ੀ ਲਿਆਉਣਾ ਹੀ ਕਾਫੀ ਨਹੀਂ ਬਲਕਿ ਨੌਕਰੀਆਂ ਵੀ ਪੈਦਾ ਕਰਨੀਆਂ ਪੈਣਗੀਆਂ।
ਸਾਬਕਾ ਗਵਰਨਰ ਨੇ ਕਿਹਾ ਕਿ ਦੇਸ਼ ਵਿੱਚ ਨੌਕਰੀਆਂ ਤਾਂ ਪੈਦਾ ਹੋ ਰਹੀਆਂ ਹਨ ਪਰ ਲੀਡਰਾਂ ਨੂੰ ਇਸ ਸਵਾਲ ’ਤੇ ਵਿਚਾਰ ਕਰਨੀ ਚਾਹੀਦੀ ਹੈ ਕਿ ਕੀ ਨੌਕਰੀਆਂ ਓਨੀ ਤਾਦਾਦ ਵਿੱਚ ਪੈਦਾ ਹੋ ਰਹੀਆਂ ਹਨ ਜਿੰਨੀ ਵਿੱਚ ਇਨ੍ਹਾਂ ਨੂੰ ਹੋਣਾ ਚਾਹੀਦਾ ਹੈ? ਸਾਬਕਾ ਗਵਰਨਰ ਨੇ ਸਵਿਟਜ਼ਰਲੈਂਡ ਦੇ ਦਾਵੇਸ ਤੋਂ ਕਿਸੇ ਟੀਵੀ ਇੰਟਰਵਿਊ ਦੌਰਾਨ ਇਹ ਬਿਆਨ ਦਿੱਤਾ।
ਰਾਜਨ ਮੁਤਾਬਕ ਦੇਸ਼ ਨੂੰ ਵੱਡੀ ਗਿਣਤੀ ਚੰਗੀਆਂ ਨੌਕਰੀਆਂ ਦੀ ਦਰਕਾਰ ਹੈ। ਉਨ੍ਹਾਂ ਕਿਹਾ ਕਿ ਜੋ ਵੀ ਅਗਲੀ ਸਰਕਾਰ ਆਏਗੀ, ਉਸ ਦਾ ਪਹਿਲਾ ਕੰਮ ਨੌਕਰੀਆਂ ਦੇ ਮੌਕੇ ਪੈਦਾ ਕਰਨਾ ਹੋਏਗਾ। ਹਾਲਾਂਕਿ ਭਾਰਤ ਦੀ ਵਿਕਾਸ ਦੀ ਗਤੀ ਮਜ਼ਬੂਤ ਰਹੀ ਹੈ ਪਰ ਇਸ ਦੇ ਬਾਵਜੂਦ ਅਰਥਸ਼ਾਸਤਰੀ ਮੰਨਦੇ ਹਨ ਕਿ ਇਹ ਗਤੀ ਹਰ ਸਾਲ ਕੰਮ ਕਰਨ ਲਾਇਕ ਹੋਣ ਵਾਲੇ ਲੋਕਾਂ ਨੂੰ ਕੰਮ ਦੇਣ ਲਈ ਕਾਫੀ ਨਹੀਂ ਹੈ। ਇਸ ਵਜ੍ਹਾ ਕਰਕੇ ਭਾਰਤ ਦੀ ਨਿਵੇਸ਼ ਦੇ ਤੌਰ ’ਤੇ ਚੰਗੀ ਸਥਿਤੀ ਦੇ ਵੱਕਾਰ ਨੂੰ ਧੱਕਾ ਲੱਗਦਾ ਹੈ।