ਚੰਡੀਗੜ੍ਹ: ਭਾਰਤ ਸਰਕਾਰ ਨੇ ਟਰੱਕ ਡਰਾਈਵਰਾਂ ਦੀਆਂ ਬਹੁਤੀਆਂ ਮੰਗਾਂ ਮੰਨ ਲਈਆਂ ਹਨ ਜਿਸ ਪਿੱਛੋਂ 8ਵੇਂ ਦਿਨ ਬਾਅਦ ਟਰੱਕ ਚਾਲਕਾਂ ਨੇ ਹੜਤਾਲ ਸਮਾਪਤ ਕਰ ਦਿੱਤੀ ਹੈ। ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਵਾਈਸ ਪ੍ਰੈਜ਼ੀਡੈਂਟ ਹਰੀਸ਼ ਸਬਰਵਾਲ ਨੇ ਦੱਸਿਆ ਕਿ ਟਰਾਂਸਪੋਟਰਾਂ ਦੀ ਹੜਤਾਲ ਕਰਕੇ ਪ੍ਰਤੀ ਦਿਨ ਲਗਪਗ 40 ਅਰਬ ਰੁਪਏ ਦਾ ਨੁਕਸਾਨ ਹੋਇਆ ਹੈ।

ਆਲ ਇੰਡੀਆ ਮੋਟਰ ਟਰਾਂਸਪੋਰਟ ਕਾਂਗਰਸ ਦੇ ਚੇਅਰਮੈਨ ਕੁਲਤਾਰਨ ਸਿੰਘ ਅਟਵਾਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਉਮੀਦ ਜਤਾਈ ਹੈ ਕਿ ਇੱਕਦਮ ਤਾਂ ਨਹੀਂ, ਪਰ ਕੁਝ ਮਹੀਨਿਆਂ ਤਕ ਡੀਜ਼ਲ ਦੀਆਂ ਕੀਮਤਾਂ ਵਿੱਚ 5 ਤੋਂ 6 ਰੁਪਏ ਦੀ ਕਮੀ ਆਏਗੀ।

ਵਿੱਤ ਮੰਤਰੀ ਪੀਊਸ਼ ਗੋਇਲ ਨੇ ਟਵਿੱਟਰ ਪੋਸਟ ਕਰ ਕੇ ਕਿਹਾ ਕਿ ਭਾਰਤ ਸਰਕਾਰ ਟਰਾਂਸਪੋਰਟ ਇੰਡਸਟਰੀ ਨਾਲ ਕੰਮ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਵਸਤਾਂ ਤੇ ਸੇਵਾਵਾਂ ਕਰ ਦੇ ਮੁੱਦੇ ਸਬੰਧੀ ਸਮੱਸਿਆਵਾਂ ’ਤੇ ਵੀ ਵਿਚਾਰ ਕੀਤੀ ਹੈ।

ਗੋਇਲ ਵੱਲੋਂ ਟਰਾਂਸਪੋਰਟ ਮੰਤਰਾਲੇ ਟਵੀਟ ਕੀਤੇ ਬਿਆਨ ਅਨੁਸਾਰ ਸਰਕਾਰ ਤਕਨਾਲੋਜੀ ਦੀ ਮਦਦ ਨਾਲ ਟੋਲ ਪਲਾਜ਼ਿਆਂ ’ਤੇ ਟਰਾਂਸਪੋਰਟ ਵਾਹਨਾਂ ਦੇ ਨਿਰਵਿਘਨ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਛੇ ਮਹੀਨਿਆਂ ਅੰਦਰ ਇਕ ਵਿਧੀ ਤਿਆਰ ਕਰੇਗੀ।

ਹੜਤਾਲ ਖ਼ਤਮ ਹੋਣ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਥੋੜ੍ਹੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ, ਜਿਨ੍ਹਾਂ ਨੂੰ ਆਮ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਨੇ ਮਹਿੰਗਾਈ ਦੇ ਮੁੱਦੇ ’ਤੇ ਘੇਰ ਲਿਆ ਸੀ। ਹਾਲ ਹੀ ਵਿੱਚ ਵਿਰੋਧੀ ਧਿਰ ਨੇ ਕਥਿਤ ਭ੍ਰਿਸ਼ਟਾਚਾਰ ਤੇ ਭੀੜ ਤੰਤਰ ਨਾਲ ਹੋਣ ਵਾਲੀਆਂ ਮੌਤਾਂ ਸਬੰਧੀ ਸਰਕਾਰ ਖ਼ਿਲਾਫ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ।