ਨਵੀਂ ਦਿੱਲੀ: ਕੁਲਦੀਪ ਯਾਦਵ, ਮੁਹੰਮਦ ਸ਼ੰਮੀ ਤੇ ਯੁਜਵੇਂਦਰ ਚਹਿਲ ਦੀ ਸ਼ਾਨਦਾਰ ਗੇਂਦਬਾਜ਼ੀ ਸਦਕਾ ਭਾਰਤੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਖਿਲਾਫ ਪਹਿਲੇ ਵਨਡੇ ‘ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਨਿਊਜ਼ੀਲੈਂਡ ਦੀ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੇ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ।


ਭਾਰਤੀ ਗੇਂਦਬਾਜ਼ਾਂ ਦਾ ਸਾਹਮਣਾ ਕਰਦੇ ਹੋਏ ਨਿਊਜ਼ੀਲੈਂਡ ਦੀ ਸਾਰੀ ਟੀਮ 38 ਓਵਰਾਂ ‘ਚ 157 ਦੌੜਾਂ ਬਣਾ ਕੇ ਢੇਰ ਹੋ ਗਈ। ਪਾਰੀ ਦੀ ਸ਼ੂਰੂਆਤ ਕਰਦੇ ਹੋਏ ਸ਼ੰਮੀ ਨੇ ਪਹਿਲੇ ਤਿੰਨ ਓਵਰਾਂ ‘ਚ ਓਪਨਰ ਬੱਲੇਬਾਜ਼ਾਂ ਨੂੰ ਆਊਟ ਕਰ ਦਿੱਤਾ।

ਕਪਤਾਨ ਕੇਨ ਨੇ ਸਭ ਤੋਂ ਜ਼ਿਆਦਾ 61 ਦੌੜਾਂ ਬਣਾਈਆਂ। ਇਹ ਉਨ੍ਹਾਂ ਦੇ ਕਰੀਅਰ ਦਾ 36ਵਾਂ ਅਰਧ ਸੈਂਕੜਾ ਹੈ। ਭਾਰਤੀ ਗੇਂਦਬਾਜ਼ ਸ਼ੰਮੀ ਨੇ 6 ਓਵਰਾਂ ‘ਚ 19 ਦੌੜਾਂ ਦੇ ਕੇ 3 ਵਿਕਟ, ਕੁਲਦੀਪ ਨੇ ਪੂਰੇ 10 ਓਵਰਾਂ ‘ਚ 39 ਦੌੜਾਂ ਦੇ ਕੇ 4 ਤੇ ਚਹਿਲ ਨੇ 10 ਓਵਰਾਂ ‘ਚ 43 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਇਸ ਦੇ ਨਾਲ ਹੀ ਸ਼ੰਮੀ ਨੇ ਵਨਡੇ ਕ੍ਰਿਕਟ ‘ਚ ਆਪਣੀਆਂ 100 ਵਿਕਟਾਂ ਪੂਰੀਆਂ ਕਰ ਲਈਆਂ ਹਨ।