ਨਵੀਂ ਦਿੱਲੀ: ਦਿੱਲੀ-ਐਨਸੀਆਰ 'ਚ ਅੱਜ ਇਕਬਾਰ ਫਿਰ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਰਾਸ਼ਟਰੀ ਰਾਜਧਾਨੀ ਖੇਤਰ ਦੇ ਕਈ ਇਲਾਕਿਆਂ 'ਚ ਭਾਰੀ ਬਾਰਸ਼ ਦੀ ਸੰਭਾਵਨਾ ਜਤਾਈ ਹੈ। ਦਿੱਲੀ 'ਚ ਬਾਰਸ਼ ਨੂੰ ਦੇਖਦਿਆਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਓੱਥੇ ਹੀ ਮੌਸਮ ਵਿਭਾਗ ਨੇ ਇਹ ਵੀ ਦੱਸਿਆ ਹੈ ਕਿ ਅਗਲੇ ਇਕ ਤੋਂ ਦੋ ਦਿਨਾਂ 'ਚ ਦੇਸ਼ ਦੇ ਕਈ ਸੂਬਿਆਂ 'ਚ ਭਾਰੀ ਬਾਰਸ਼ ਹੋ ਸਕਦੀ ਹੈ।


ਮੌਸਮ ਵਿਭਾਗ ਵੱਲੋਂ ਜਾਰੀ ਭਵਿੱਖਬਾਣੀ ਮੁਤਾਬਕ 9 ਤੋਂ 11 ਸਤੰਬਰ ਦੇ ਵਿਚ ਦਿੱਲੀ 'ਚ ਭਾਰੀ ਬਾਰਸ਼ ਹੋ ਸਕਦੀ ਹੈ। ਦਿੱਲੀ ਤੋਂ ਇਲਾਵਾ ਇਨਾਂ ਦੋ ਦਿਨਾਂ 'ਚ ਉੱਤਰ ਪ੍ਰਦੇਸ਼, ਪੱਛਮੀ ਰਾਜਸਥਾਨ ਤੇ ਪਹਾੜੀ ਸੂਬੇ ਉੱਤਰਾਖੰਡ 'ਚ ਵੀ ਭਾਰੀ ਬਾਰਸ਼ ਦੇਖਣ ਨੂੰ ਮਿਲ ਸਕਦੀ ਹੈ। ਮੌਸਮ ਵਿਭਾਗ ਨੇ ਛੱਤੀਸਗੜ੍ਹ, ਮਰਾਠਵਾੜਾ, ਉੱਤਰੀ ਮੱਧ ਮਹਾਰਾਸ਼ਟਰ, ਉੱਤਰੀ ਕੋਂਕਣ ਤੇ ਗੁਜਰਾਤ ਦੇ ਹਿੱਸਿਆਂ 'ਚ ਮੋਹਲੇਧਾਰ ਬਾਰਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।


ਤਹਾਨੂੰ ਦੱਸ ਦੇਈਏ ਇਸ ਸਾਲ ਦਿੱਲੀ 'ਚ ਬਾਰਸ਼ ਨੇ ਪਿਛਲੇ 19 ਸਾਲ ਦਾ ਰਿਕਾਰਡ ਤੋੜ ਦਿੱਤਾ ਹੈ। ਸਤੰਬਰ ਮਹੀਨੇ ਦੀ ਪਹਿਲੀ ਤਾਰੀਖ ਤੋਂ ਲਗਾਤਾਰ ਹੋ ਰਹੀ ਬਾਰਸ਼ ਨੇ ਕਈ ਇਲਾਕਿਆਂ 'ਚ ਪਾਣੀ ਭਰ ਦਿੱਤਾ ਹੈ ਜਿਸ ਕਾਰਨ ਲੋਕਾਂ ਦੀ ਜ਼ਿੰਦਗੀ ਬੇਹਾਲ ਹੋ ਗਈ ਹੈ। ਬਾਰਸ਼ ਕਾਰਨ ਦਿੱਲੀ 'ਚ ਭਰੇ ਪਾਣੀ ਦੇ ਮੁੱਦੇ 'ਤੇ ਸਿਆਸੀ ਪਾਰਟੀਆਂ ਸੱਤਾਧਿਰ ਤੇ ਲਗਾਤਾਰ ਇਲਜ਼ਾਮਬਾਜ਼ੀ ਕਰ ਰਹੀਆਂ ਹਨ। ਸਾਰੀਆਂ ਸਿਆਸੀ ਪਾਰਟੀਆਂ ਇਸ ਲਈ ਇਕ ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ ਪਾਣੀ ਭਰਨ ਕਾਰਨ ਕਈ ਇਲਾਕਿਆਂ 'ਚ ਮੱਛਰ ਵੀ ਪੈਦਾ ਹੋਣਾ ਸ਼ੁਰੂ ਹੋ ਗਿਆ ਹੈ।


ਇਸ ਮਾਨਸੂਨੀ ਮੌਸਮ 'ਚ ਦਿੱਲੀ 'ਚ ਹੁਣ ਤਕ 999.9 ਐਮਐਮ ਬਾਰਸ਼ ਹੋ ਚੁੱਕੀ ਹੈ। ਸਾਲ 2011 ਤੋਂ ਬਾਅਦ ਤੋਂ ਪੂਰੇ ਮਾਨਸੂਨ ਸੀਜ਼ਨ 'ਚ ਦਿੱਲੀ 'ਚ ਐਨੀ ਬਾਰਸ਼ ਨਹੀਂ ਹੋਈ ਸੀ। ਮੰਨਿਆ ਜਾ ਰਿਹਾ ਹੈ ਕਿ ਸਾਲ 2010 ਦੀ ਮਾਨਸੂਨੀ ਬਾਰਸ਼ ਦਾ ਰਿਕਾਰਡ ਇਸ ਸਾਲ ਟੁੱਟ ਸਕਦਾ ਹੈ।