ਗੋਲਡ ਕੋਸਟ: ਇੱਕੀਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਅੱਜ ਅੱਠਵੇਂ ਦਿਨ ਜਿੱਥੇ ਪਹਿਲਾਂ ਭਾਰਤੀ ਪਹਿਲਵਾਨਾਂ ਨੇ ਦੇਸ਼ ਦੀ ਝੋਲੀ ਚਾਰ ਤਗ਼ਮੇ ਪਾਏ ਉੱਥੇ ਹੀ ਅਥਲੀਟਾਂ ਤੇ ਨਿਸ਼ਾਨੇਬਾਜ਼ਾਂ ਨੇ ਵੀ ਆਪਣੀ ਪੂਰੀ ਵਾਹ ਨਾਲ ਤਿੰਨ ਹੋਰ ਮੈਡਲ ਦੇਸ਼ ਦੇ ਨਾਂਅ ਕੀਤੇ।

 

ਡਿਸਕਸ ਥ੍ਰੋਅ 'ਚ ਭਾਰਤ ਦੀ ਸੀਮਾ ਪੂਨੀਆ ਨੇ ਚਾਂਦੀ ਤੇ ਅੰਮ੍ਰਿਤਸਰ ਦੀ ਨਵਜੀਤ ਢਿੱਲੋਂ ਨੇ ਕਾਂਸੇ ਦਾ ਤਗ਼ਮਾ ਜਿੱਤਿਆ। ਉੱਥੇ ਹੀ ਨਿਸ਼ਾਨੇਬਾਜ਼ ਤੇਜਸਵਿਨੀ ਸਾਵੰਤ ਨੇ 50 ਮੀਟਰ ਰਾਈਫਲ ਮੁਕਾਬਲੇ 'ਚ ਚਾਂਦੀ ਦਾ ਤਗ਼ਮਾ ਫੁੰਡਿਆ।

ਇਸ ਤੋਂ ਪਹਿਲਾਂ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਗੋਲਡ ਸਮੇਤ 4 ਤਗ਼ਮੇ ਭਾਰਤ ਦੀ ਝੋਲੀ ਪਾਏ। ਸਟਾਰ ਪਹਿਲਵਾਨ ਸੁਸ਼ੀਲ ਕੁਮਾਰ ਨੇ ਫ੍ਰੀ ਸਟਾਈਲ ਕੁਸ਼ਤੀ ਦੇ 74 ਕਿੱਲੋਗ੍ਰਾਮ ਤੇ ਰਾਹੁਲ ਅਵੇਰਾ ਨੇ 57 ਕਿੱਲੋ ਭਾਰ ਵਰਗ 'ਚ ਸੋਨੇ ਦੇ ਤਗ਼ਮੇ ਜਿੱਤੇ।

ਮਹਿਲਾ ਪਹਿਲਵਾਨਾਂ ਵਿੱਚੋਂ 53 ਕਿੱਲੋ ਸ਼੍ਰੇਣੀ 'ਚ 'ਦੰਗਲ ਗਰਲ' ਬਬਿਤਾ ਫੋਗਾਟ ਨੇ ਚਾਂਦੀ ਦਾ ਤਗ਼ਮਾ ਲੁੱਟਿਆ। ਮਹਿਲਾ ਪਹਿਲਵਾਨ ਕਿਰਨ ਨੇ 76 ਕਿਲੋ ਫ੍ਰੀ ਸਟਾਈਲ 'ਚ ਬ੍ਰਾਂਜ਼ ਮੈਡਲ ਜਿੱਤਿਆ। ਰਾਸ਼ਟਰਮੰਡਲ ਖੇਡਾਂ ਦੇ ਅੱਠਵੇਂ ਦਿਨ ਤਕ ਭਾਰਤੀ ਖਿਡਾਰੀਆਂ ਨੇ ਕੁੱਲ 31 ਤਗ਼ਮਿਆਂ (14 ਸੋਨੇ, 7 ਚਾਂਦੀ ਤੇ 10 ਕਾਂਸੇ) ਨਾਲ ਦੇਸ਼ ਨੂੰ ਮੈਡਲ ਸੂਚੀ ਵਿੱਚ ਤੀਜੇ ਸਥਾਨ 'ਤੇ ਬਰਕਰਾਰ ਰੱਖਿਆ ਹੋਇਆ ਹੈ।