ਨਵੀਂ ਦਿੱਲੀ: ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੀ ਹਮਾਇਤ ਲਈ ਮੋਦੀ ਸਰਕਾਰ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ #IndiaSupportsCAA ਮੁਹਿੰਮ ਚਲਾਈ। ਉਧਰ, ਇਸ ਦੇ ਵਿਰੋਧ ਵਿੱਚ ਵੀ #IndiaDoesNotSupportCAA ਮੁਹਿੰਮ ਨੇ ਟਵਿੱਟਰ 'ਤੇ ਜ਼ੋਰ ਫੜ੍ਹ ਲਿਆ। ਭਾਰਤ ਵਿੱਚ ਸੋਮਵਾਰ ਰਾਤ ਤੋਂ ਹੀ ਟਵਿੱਟਰ ਟ੍ਰੈਂਡਿੰਗ ਲਿਸਟ ਵਿੱਚ ਇਹ ਨੰਬਰ-1 ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਇਹ ਵਿਸ਼ਵ ਭਰ ਵਿੱਚ ਚੌਥੇ ਸਥਾਨ 'ਤੇ ਹੈ।


ਮੰਗਲਵਾਰ ਸਵੇਰ ਤੱਕ 24 ਘੰਟਿਆਂ ਵਿੱਚ ਸੀਏਏ ਦੇ ਵਿਰੋਧ ਵਿੱਚ 6 ਲੱਖ ਤੋਂ ਵੱਧ ਟਵੀਟ ਕੀਤੇ ਜਾ ਚੁੱਕੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਤੇ ਨਾਗਰਿਕਤਾ ਕਾਨੂੰਨ ਦੀ ਹਮਾਇਤ ਕਰਦੇ ਕਿਹਾ ਕਿ, ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣਾ ਕਾਨੂੰਨ ਹੈ। ਇਸ ਨਾਲ ਕਿਸੇ ਤੋਂ ਕੋਈ ਵੀ ਨਾਗਰਿਕਤਾ ਨਹੀਂ ਖੋਹੀ ਜਾਵੇਗੀ।

ਸੀਏਏ ਨੂੰ ਲੈ ਕੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸੀਏਏ ਦੇ ਵਿਰੋਧੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਵਿਰੋਧ ਮੁਹਿੰਮ ਨੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸੱਤਾਧਾਰੀ ਪਾਰਟੀ ਦੇ ਹੋਰ ਸਮਰਥਕਾਂ ਦੀ ਮੁਹਿੰਮ # ਇੰਡੀਆ ਸਪੋਰਟਸ ਸੀਏਏ ਨੂੰ ਪਛਾੜ ਦਿੱਤਾ ਹੈ।

ਇੱਕ ਯੂਜ਼ਰ ਨੇ ਟਵੀਟ ਕੀਤਾ ਕਿ- ਤੁਸੀਂ ਟੈਕਸ ਅਦਾ ਕਰਦੇ ਹੋ, ਪਰ ਪੈਨ ਨਾਗਰਿਕਤਾ ਦਾ ਸਬੂਤ ਨਹੀਂ, ਤੁਸੀਂ ਬਾਇਓਮੈਟ੍ਰਿਕ ਲਾਉਂਦੇ ਹੋ, ਪਰ ਆਧਾਰ ਨਾਗਰਿਕਤਾ ਦਾ ਸਬੂਤ ਨਹੀਂ, ਤੁਸੀਂ ਵਿਦੇਸ਼ ਜਾਂਦੇ ਹੋ, ਪਰ ਪਾਸਪੋਰਟ ਵੀ ਨਾਗਰਿਕਤਾ ਦਾ ਸਬੂਤ ਨਹੀਂ ਹੁੰਦਾ, ਤੁਸੀਂ ਚੋਣਾਂ ਵਿਚ ਵੋਟ ਦਿੰਦੇ ਹੋ, ਪਰ ਵੋਟਰ ਆਈਡੀ ਵੀ ਨਾਗਰਿਕਤਾ ਦਾ ਸਬੂਤ ਨਹੀਂ, ਮੈਂ ਹਰ ਤਰ੍ਹਾਂ ਨਾਲ ਸੀਏਏ ਦੇ ਵਿਰੁੱਧ ਹਾਂ।

ਕੁਝ ਘੰਟੇ ਪਹਿਲਾਂ, ਮੋਦੀ ਦੀ ਮੁਹਿੰਮ ਖਿਲਾਫ 3.33 ਲੱਖ ਟਵੀਟ ਕੀਤੇ ਜਾ ਚੁੱਕੇ ਹਨ, ਜਦੋਂਕਿ ਹੁਣ ਤੱਕ ਸਰਕਾਰ ਦੇ ਹੱਕ 'ਚ ਸਿਰਫ਼ 1.22 ਲੱਖ ਟਵੀਟ ਕੀਤੇ ਗਾਏ ਹਨ।